ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਚੱਲ ਰਹੇ ਮੋਰਚੇ ਰਵਾਇਤੀ ਗਾਇਕੀ ਦਾ ਗੜ੍ਹ ਬਣ ਗਏ ਹਨ। ਪੰਜਾਬ ਦੇ ਗਾਇਕਾਂ ਤੋਂ ਇਲਾਵਾ ਹੁਣ ਹਰਿਆਣਵੀ ਲੋਕ ਗਾਇਕਾਂ ਵੱਲੋਂ ਸਿੰਘੂ ਅਤੇ ਟਿਕਰੀ ਮੋਰਚਿਆਂ ਉਪਰ ਆਪਣੀ ਹਾਜ਼ਰੀ ਲਵਾਈ ਜਾ ਰਹੀ ਹੈ। ਗਾਜ਼ੀਪੁਰ ਦੇ ਮੋਰਚੇ ’ਤੇ ਉੱਤਰ ਪ੍ਰਦੇਸ਼ ਦੇ ਕਲਾਕਾਰਾਂ ਵੱਲੋਂ ਪੇਂਡੂ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਜਾ ਰਹੀ ਹੈ।
ਹਰਿਆਣਵੀ ਰਾਗਣੀ ਦੀ ਗੂੰਜ ਹੁਣ ਸਿੰਘੂ ਬਾਰਡਰ ਉੱਤੇ ਵੀ ਸੁਣੀ ਜਾ ਸਕਦੀ ਹੈ। ਰਾਗਣੀ ਗੀਤ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਲੋਕ ਗਾਇਕੀ ਦਾ ਇਕ ਰੰਗ ਹੈ ਜੋ ਪੀੜ੍ਹੀ ਦਰ ਪੀੜ੍ਹੀ ਚਲਦਾ ਆਇਆ ਹੈ। ਹਰਿਆਣਾ ਦੇ ਇਕ ਕਲਾਕਾਰ ਨੇ ਸਿੰਘੂ ਬਾਰਡਰ ਉਪਰ ਅੰਦੋਲਨਕਾਰੀ ਕਿਸਾਨਾਂ ਦੇ ਮਨੋਰੰਜਨ ਲਈ ਆਪਣੀ ਟੀਮ ਅਤੇ ਸਾਜ਼ੋ-ਸਾਮਾਨ ਨਾਲ ਡੇਰੇ ਲਾ ਲਏ ਹਨ। ਉਹ ਵੀ ਟਰਾਲੀਆਂ ਵਿੱਚ ਹੀ ਸੌਂਦਾ ਹੈ।
ਇਸ ਤੋਂ ਇਲਾਵਾ ਮੰਚਾਂ ਤੋਂ ਵੀ ਜੁਝਾਰੂ ਸੁਭਾਅ ਦੀਆਂ ਕਵਿਤਾਵਾਂ ਅਤੇ ਗੀਤ ਨੌਜਵਾਨਾਂ ਵੱਲੋਂ ਪੇਸ਼ ਕੀਤੇ ਜਾ ਰਹੇ ਹਨ। ਇਨਕਲਾਬੀ ਸੁਰ ਵਾਲੇ ਗੀਤ ਟਰਾਲੀਆਂ ਵਿੱਚ ਬੈਠੇ ਨੌਜਵਾਨ ਵੀ ਗਾ ਰਹੇ ਹਨ। ਪੰਜਾਬ ਦੇ ਕਈ ਸਥਾਪਤ ਗਾਇਕ ਭਾਸ਼ਣਾਂ ਰਾਹੀਂ ਕਿਸਾਨਾਂ ਵਿੱਚ ਨਵੀਂ ਰੂਹ ਫੂਕਦੇ ਹਨ।