ਨਵੀਂ ਦਿੱਲੀ, 9 ਜੁਲਾਈ
ਨਵੇਂ ਨਿਯੁਕਤ ਕੀਤੇ ਗਏ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਅੱਜ ਇੱਥੇ ਸਾਬਕਾ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨਾਲ ਮੁਲਾਕਾਤ ਕੀਤੀ। ਰਿਜਿਜੂ ਨੂੰ ਲੰਘੇ ਬੁੱਧਵਾਰ ਕਾਨੂੰਨ ਤੇ ਨਿਆਂ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਕੇਂਦਰੀ ਮੰਤਰੀ ਮੰਡਲ ਦੇ ਇੱਕ ਵੱਡੇ ਫੇਰ ਬਦਲ ਦੌਰਾਨ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਸੂਚਨਾ ਤਕਨੀਕ ਤੇ ਸੰਚਾਰ ਮੰਤਰਾਲੇ ਤੋਂ ਇਲਾਵਾ ਇਹ ਵਿਭਾਗ ਸੰਭਾਲ ਰਹੇ ਪ੍ਰਸਾਦ ਨੇ ਆਪਣੇ ਅਹੁਦਿਆਂ ਤੋਂ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਰਿਜਿਜੂ ਨੇ ਟਵੀਟ ਕੀਤਾ, ‘ਮੇਰੇ ਸੀਨੀਅਰ ਸਾਥੀ ਤੇ ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਰਵੀਸ਼ੰਕਰ ਪ੍ਰਸਾਦ ਜੀ ਨਾਲ ਮੁਲਾਕਾਤ ਕੀਤੀ। ਨਵੇਂ ਭਾਰਤ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੀ ਅਗਵਾਈ ਮੰਗੀ।’ ਉਨ੍ਹਾਂ ਮੁਲਾਕਾਤ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ। ਪ੍ਰਸਾਦ ਨੇ ਵੀ ਰਿਜਿਜੂ ਨਾਲ ਆਪਣੀ ਮੁਲਾਕਾਤ ਬਾਰੇ ਟਵੀਟ ਕੀਤਾ। ਪ੍ਰਸਾਦ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਤੇ ਕਾਮਯਾਬੀ ਦੀ ਪ੍ਰਾਰਥਨਾ ਕਰਦਾ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਨਵੇਂ ਮੰਤਰੀ ਆਪਣੇ ਤੋਂ ਪਹਿਲੇ ਮੰਤਰੀਆਂ ਦੇ ਤਜਰਬਿਆਂ ਤੋਂ ਸਿੱਖ ਸਕਦੇ ਹਨ। -ਪੀਟੀਆਈ