ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 26 ਅਗਸਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅੱਜ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਨੇ ਆਮ ਆਦਮੀ ਪਾਰਟੀ ਖ਼ਿਲਾਫ਼ ‘ਸਾਜ਼ਿਸ਼’ ਰਚੀ ਹੈ ਤਾਂ ਕਿ ਇਕ ਵਿਅਕਤੀ ਦੀ ‘ਸੱਤਾ ਦੀ ਹਵਸ’ ਨੂੰ ਪੂਰਾ ਕੀਤਾ ਜਾ ਸਕੇ। ਦਿੱਲੀ ਵਿਧਾਨ ਸਭਾ ਵਿੱਚ ਬਿਆਨ ਦਿੰਦਿਆਂ ਉਨ੍ਹਾਂ ਨੇ ਭਾਜਪਾ ’ਤੇ ਦੇਸ਼ ਵਿਰੋਧੀ ਹੋਣ ਦਾ ਦੋਸ਼ ਲਗਾਉਂਦਿਆਂ ‘ਆਪ’ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਖੇਤਰ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮਨੀਸ਼ ਸਿਸੋਦੀਆ ਨੂੰ ਕਲੀਨ ਚਿੱਟ ਦਿੰਦਿਆਂ ਉਨ੍ਹਾਂ ਖ਼ਿਲਾਫ਼ ਸੀਬੀਆਈ ਵੱਲੋਂ ਮਾਰੇ ਗਏ ਛਾਪੇ ਨੂੰ ‘ਦੇਸ਼ ਵਿਰੋਧੀ’ ਤਾਕਤਾਂ ਵੱਲੋਂ ਕੀਤੀ ਗਈ ਇਕ ਸਾਜ਼ਿਸ਼ ਦੱਸਿਆ। ਉਨ੍ਹਾਂ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕੋਈ ਘਪਲਾ ਨਹੀਂ ਹੋਇਆ ਹੈ ਤੇ ਸੀਬੀਆਈ ਵੱਲੋਂ ਇਮਾਨਦਾਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।