ਨਵੀਂ ਦਿੱਲੀ, 8 ਅਗਸਤ
ਇੰਜਨੀਅਰਿੰਗ ਕਾਲਜਾਂ ਵਿੱਚ ਦਾਖ਼ਲਿਆਂ ਲਈ ਹੋਣ ਵਾਲੀ ਜੇਈਈ-ਮੇਨ ਪ੍ਰੀਖਿਆ ਵਿੱਚ ਘੱਟੋ-ਘੱਟ 24 ਪ੍ਰੀਖਿਆਰਥੀਆਂ ਨੇ ਪੂਰੇ 100 ਅੰਕ ਹਾਸਲ ਕੀਤੇ ਹਨ। ਪੂਰੇ 100 ਅੰਕ ਹਾਸਲ ਕਰਨ ਵਾਲਿਆਂ ਵਿੱਚ ਪੰਜਾਬ ਦਾ ਪ੍ਰੀਖਿਆਰਥੀ ਮ੍ਰਿਨਾਲ ਗਰਗ ਤੇ ਹਰਿਆਣਾ ਦਾ ਸਾਰਥਕ ਮਹੇਸ਼ਵਰੀ ਵੀ ਸ਼ਾਮਲ ਹਨ। ਅਣਉਚਿਤ ਢੰਗਾਂ ਦਾ ਇਸਤੇਮਾਲ ਕਰਨ ਕਰ ਕੇ ਪੰਜ ਪ੍ਰੀਖਿਆਰਥੀਆਂ ਦੇ ਨਤੀਜੇ ਰੋਕ ਦਿੱਤੇ ਗਏ ਹਨ। ਕੌਮੀ ਟੈਸਟਿੰਗ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਜੇਈਈ-ਮੇਨ ਦੇ ਦੋ ਸੈਸ਼ਨਾਂ ਦਾ ਪੂਰਨ ਨਤੀਜਾ ਅੱਜ ਐਲਾਨਿਆ ਗਿਆ। ਐੱਨਟੀਏ ਮੁਤਾਬਕ ਪ੍ਰੀਖਿਆ ਵਿੱਚ ਪੂਰੇ 100 ਅੰਕ ਹਾਸਲ ਕਰਨ ਵਾਲਿਆਂ ’ਚੋਂ ਸਭ ਤੋਂ ਵੱਧ ਪ੍ਰੀਖਿਆਰਥੀ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ (ਪੰਜ-ਪੰਜ) ਦੇ ਹਨ। ਰਾਜਸਥਾਨ (ਚਾਰ) ਇਸ ਮਾਮਲੇ ਵਿੱਚ ਤੀਜੇ ਨੰਬਰ ’ਤੇ ਰਿਹਾ ਅਤੇ ਉੱਤਰ ਪ੍ਰਦੇਸ਼ ਦੇ ਦੋ ਪ੍ਰੀਖਿਆਰਥੀਆਂ ਨੇ 100 ਅੰਕ ਹਾਸਲ ਕੀਤੇ ਹਨ। ਐੱਨਟੀਏ ਅਨੁਸਾਰ ਹਰਿਆਣਾ, ਮਹਾਰਾਸ਼ਟਰ, ਅਸਾਮ, ਬਿਹਾਰ, ਪੰਜਾਬ, ਕੇਰਲ, ਕਰਨਾਟਕ ਅਤੇ ਝਾਰਖੰਡ ਦੇ ਇਕ-ਇਕ ਪ੍ਰੀਖਿਆਰਥੀ ਨੂੰ ਪੂਰੇ 100 ਅੰਕ ਪ੍ਰਾਪਤ ਹੋਏ ਹਨ। ਐੱਨਟੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪ੍ਰੀਖਿਆ ਦੇ ਦੋ ਸੈਸ਼ਨਾਂ ਲਈ 10.26 ਲੱਖ ਪ੍ਰੀਖਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ ਜਿਨ੍ਹਾਂ ਵਿੱਚੋਂ 9.05 ਲੱਖ ਪ੍ਰੀਖਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ। -ਪੀਟੀਆਈ