ਸ੍ਰੀਨਗਰ, 1 ਦਸੰਬਰ
ਪੂਰੀ ਕਸ਼ਮੀਰ ਵਾਦੀ ਵਿਚ ਘੱਟੋ-ਘੱਟ ਤਾਪਮਾਨ ਅੱਜ ਸਿਫ਼ਰ ਤੋਂ ਹੇਠਾਂ ਰਿਹਾ। ਮੌਸਮ ਬਾਰੇ ਜਾਣਕਾਰੀ ਦੇਣ ਵਾਲੇ ਕਈ ਸਟੇਸ਼ਨਾਂ ਨੇ ਮੰਗਲਵਾਰ ਦੀ ਰਾਤ ਸ੍ਰੀਨਗਰ ਵਿਚ ਇਸ ਮੌਸਮ ਦੀ ਸਭ ਤੋਂ ਠੰਢੀ ਰਿਕਾਰਡ ਕੀਤੀ ਹੈ। ਮੰਗਲਵਾਰ ਰਾਤ ਸ੍ਰੀਨਗਰ ਦਾ ਤਾਪਮਾਨ ਮਨਫ਼ੀ 2.5 ਡਿਗਰੀ ਸੈਲਸੀਅਸ ਰਿਹਾ ਜੋ ਇਕ ਰਾਤ ਪਹਿਲਾਂ ਸਿਫਰ ਤੋਂ 1.5 ਡਿਗਰੀ ਘੱਟ ਸੀ। ਇਸ ਤੋਂ ਇਲਾਵਾ ਪਹਿਲਗਾਮ ਦਾ ਤਾਪਮਾਨ ਮਨਫ਼ੀ 5.2 ਡਿਗਰੀ ਰਿਹਾ ਜੋ ਕਿ 24 ਘੰਟੇ ਪਹਿਲਾਂ ਤੱਕ 3.3 ਡਿਗਰੀ ਸੀ।
ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿਚ ਪਾਰਾ ਮਨਫ਼ੀ 3.5 ਡਿਗਰੀ ਸੈਲਸੀਅਸ ਰਿਹਾ। ਵਾਦੀ ਦੇ ਦਾਖਲਾ ਦੁਆਰ ਕਾਜ਼ੀਗੁੰਡ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਕੋਕਰਨਾਗ ਵਿਚ ਤਾਪਮਾਨ ਸਿਫ਼ਰ ਤੋਂ 1.8 ਡਿਗਰੀ ਹੇਠਾਂ ਰਿਹਾ। ਮੌਸਮ ਵਿਭਾਗ ਨੇ ਵਾਦੀ ਵਿਚ ਮੌਸਮ ਤਿੰਨ ਦਸੰਬਰ ਤੱਕ ਠੰਢਾ ਪਰ ਖ਼ੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਹਫ਼ਤੇ ਦੇ ਅਖ਼ੀਰ ਤੱਕ ਕਮਜ਼ੋਰ ਪੱਛਮੀ ਗੜਬੜੀ ਖੇਤਰ ਵਿਚ ਮਾਰ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਸਖ਼ਤ ਸਰਦੀ ਦਾ ਦੌਰ ਆਮ ਤੌਰ ’ਤੇ 21 ਦਸੰਬਰ ਤੋਂ ਸ਼ੁਰੂ ਹੁੰਦਾ ਹੈ ਜੋ ਕਿ 40 ਦਿਨ ਤੱਕ ਚੱਲਦਾ ਹੈ। -ਪੀਟੀਆਈ