ਨਵੀਂ ਦਿੱਲੀ, 10 ਅਗਸਤ
ਪੀਲੀਭੀਤ ਤੋਂ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅੱਜ ਕਿਹਾ ਕਿ ਰਾਸ਼ਨ ਕਾਰਡਧਾਰਕਾਂ ਨੂੰ ਕੌਮੀ ਝੰਡਾ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ ਜੇਕਰ ਗਰੀਬ ਲੋਕਾਂ ’ਤੇ ਬੋਝ ਬਣਦੇ ਹਨ ਤਾਂ ਇਹ ਬਹੁਤ ਮੰਦਭਾਗਾ ਹੋਵੇਗਾ। ਵਰੁਣ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਤਿਰੰਗਾ, ਜੋ ਹਰ ਭਾਰਤੀ ਦੇ ਦਿਲ ਵਿੱਚ ਵਸਦਾ ਹੈ, ਦੀ ਕੀਮਤ ਵਸੂਲਣ ਲਈ ਗਰੀਬ ਦੇ ਮੂੰਹ ’ਚੋਂ ਰੋਟੀ ਦੀ ਬੁਰਕੀ ਖੋਹਣਾ ‘ਸ਼ਰਮਨਾਕ’ ਹੈ। ਵਰੁਣ ਨੇ ਟਵੀਟ ਨਾਲ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ਵਿੱਚ ਕੁਝ ਰਾਸ਼ਨ ਕਾਰਡਧਾਰਕ ਤਿਰੰਗਾ ਖਰੀਦਣ ਲਈ ਜਬਰੀ 20 ਰੁਪਏ ਵਸੂਲੇ ਜਾਣ ਦੀ ਸ਼ਿਕਾਇਤ ਕਰ ਰਹੇ ਹਨ। ਸੰਸਦ ਮੈਂਬਰ ਨੇ ਕਿਹਾ, ‘‘ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ ਜੇਕਰ ਗਰੀਬ ਲੋਕਾਂ ’ਤੇ ਬੋਝ ਬਣਦੇ ਹਨ ਤਾਂ ਇਹ ਬਹੁਤ ਮੰਦਭਾਗਾ ਹੈ। ਰਾਸ਼ਨ ਕਾਰਡਧਾਰਕਾਂ ਨੂੰ ਤਿਰੰਗਾ ਖਰੀਦਣ ਲਈ ਮਜਬੂਰ ਕੀਤਾ ਜਾ ਰਿਹੈ ਜਾਂ ਫਿਰ ਰਾਸ਼ਨ ਦੇਣ ਤੋਂ ਨਾਂਹ-ਨੁੱਕਰ ਕੀਤੀ ਜਾ ਰਹੀ ਹੈ।’’ ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ‘ਹਰ ਘਰ ਤਿਰੰਗਾ’ ਪ੍ਰੋਗਰਾਮ ਤਹਿਤ 13 ਤੋਂ 15 ਅਗਸਤ ਦਰਮਿਆਨ ਆਪਣੇ ਘਰਾਂ ’ਤੇ ਕੌਮੀ ਝੰਡਾ ਲਾਉਣ ਜਾਂ ਲਹਿਰਾਉਣ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਵੱਡੀ ਪੱਧਰ ’ਤੇ ਸਫ਼ਲ ਬਣਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਚੇਤੇ ਰਹੇ ਕਿ ਵਰੁਣ ਗਾਂਧੀ ਪਹਿਲਾਂ ਵੀ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਦੇ ਰਹੇ ਹਨ। -ਪੀਟੀਆਈ
ਰਾਸ਼ਟਰਵਾਦ ਵੇਚ ਰਹੀ ਹੈ ਭਾਜਪਾ: ਰਾਹੁਲ ਗਾਂਧੀ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਦੁਕਾਨਦਾਰ ਰਾਸ਼ਨ ਕਾਰਡਧਾਰਕਾਂ ਨੂੰ ਕਥਿਤ ਕੌਮੀ ਝੰਡੇ ਖਰੀਦਣ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ‘ਰਾਸ਼ਟਰਵਾਦ’ ਵੇਚ ਰਹੀ ਹੈ ਤੇ ਉਸ ਨੇ ਗਰੀਬ ਗੁਰਬੇ ਦੇ ਸਵੈ-ਮਾਣ ਨੂੰ ਸੱਟ ਮਾਰੀ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਤਿਰੰਗਾ ਸਾਡਾ ਗੌਰਵ ਹੈ ਤੇ ਇਹ ਹਰ ਭਾਰਤ ਦੇ ਦਿਲ ਵਿੱਚ ਵਸਦਾ ਹੈ। ਗਾਂਧੀ ਨੇ ਕਿਹਾ, ‘‘ਰਾਸ਼ਟਰਵਾਦ ਨੂੰ ਕਦੇ ਵੀ ਵੇਚਿਆ ਨਹੀਂ ਜਾ ਸਕਦਾ। ਰਾਸ਼ਨ ਦੇਣ ਮੌਕੇ ਗਰੀਬ ਤੋਂ ਤਿਰੰਗੇ ਲਈ 20 ਰੁਪਏ ਮੰਗਣੇ ਸ਼ਰਮਨਾਕ ਹੈ।’’