ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਦੇਸ਼ ਵਿੱਚ ਮਹਿੰਗਾਈ ਅਜੇ ਕਾਬੂ ਹੇਠ ਹੈ ਅਤੇ ਉਸ ਨਾਲ ਨਜਿੱਠਣ ਲਈ ਆਰਬੀਆਈ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੀਆਂ ਨਜ਼ਰਾਂ ਵਿਕਾਸ ਕਰ ਰਹੇ ਭਾਰਤੀ ਅਰਥਚਾਰੇ ਵੱਲ ਹਨ ਜਿਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਨਿਵੇਸ਼ਕਾਂ ਵੱਲੋਂ ਮੁਲਕ ’ਚ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉੱਦਮਤਾ ਦਾ ਯੁੱਗ ਸਾਬਿਤ ਹੋਣ ਵਾਲਾ ਹੈ ਅਤੇ ਭਾਰਤ ਵਿੱਚ ਵੱਡੀ ਪੱਧਰ ’ਤੇ ਫੰਡ ਆਉਣ ਵਾਲੇ ਹਨ। ਉਨ੍ਹਾਂ ਕਿਹਾ, ‘‘ਕੱਲ੍ਹ, ਆਰਬੀਆਈ ਵੱਲੋਂ ਕੀਤੇ ਗਏ ਐਲਾਨ ਨੇ ਵੀ ਬਾਜ਼ਾਰਾਂ ’ਚ ਇਕ ਸਕਾਰਾਤਮਕ ਸੁਨੇਹਾ ਭੇਜਿਆ ਹੈ।’’ -ਪੀਟੀਆਈ