ਗਿਆਨ ਠਾਕੁਰ
ਸ਼ਿਮਲਾ, 2 ਨਵੰਬਰ
ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ ਸਪਿਤੀ ’ਚ ਲੰਘੀ ਰਾਤ ਤੋਂ ਬਰਫ਼ਬਾਰੀ ਹੋ ਰਹੀ ਹੈ। ਇਸ ਤਾਜ਼ਾ ਬਰਫ਼ਬਾਰੀ ਕਾਰਨ ਲਾਹੌਲ ਘਾਟੀ ਦੇ ਲੋਕਾਂ ਨੂੰ ਹੁਣ ਤੋਂ ਹੀ ਜਿੱਥੇ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਘਾਟੀ ’ਚ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਕੇਲਾਂਗ ’ਚ ਅੱਜ ਘੱਟੋ ਘੱਟ ਤਾਪਮਾਨ ਮਨਫੀ 0.9 ਡਿਗਰੀ ਦਰਜ ਕੀਤਾ ਗਿਆ। ਲਾਹੌਲ ਘਾਟੀ ’ਚ ਅੱਜ ਸਵੇਰ ਤੋਂ ਹੀ ਬਿਜਲੀ ਬੰਦ ਹੈ ਤੇ ਪੱਟਨ ਘਾਟੀ ਦੇ ਕਈ ਹਿੱਸਿਆਂ ’ਚ ਸੰਚਾਰ ਸੇਵਾਵਾਂ ਠੱਪ ਹੋ ਗਈਆਂ ਹਨ। ਇਸ ਤਾਜ਼ਾ ਬਰਫ਼ਬਾਰੀ ਕਾਰਨ ਮਨਾਲੀ-ਲੇਹ ਮਾਰਗ ’ਤੇ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਗਈ ਹੈ ਉੱਥੇ ਹੀ ਲਾਹੌਲ ਘਾਟੀ ’ਚ ਸਰਕਾਰ ਬੱਸ ਸੇਵਾ ਵੀ ਬੰਦ ਹੋ ਗਈ ਹੈ। ਉੱਧਰ ਕੁੱਲੂ ਜ਼ਿਲ੍ਹੇ ’ਚ ਤਕਰੀਬਨ ਦੋ ਮਹੀਨੇ ਬਾਅਦ ਸਵੇਰ ਤੋਂ ਰੁੱਕ ਰੁੱਕ ਕੇ ਮੀਂਹ ਪੈ ਰਿਹਾ ਹੈ ਜਿਸ ਨਾਲ ਕਿਸਾਨਾਂ ਤੇ ਬਾਗਬਾਨਾਂ ਨੇ ਸੁੱਖ ਦਾ ਸਾਹ ਲਿਆ। ਇਸੇ ਦੌਰਾਨ ਮੌਸਮ ਵਿਭਾਗ ਨੇ ਸੂਬੇ ਦੇ ਦਰਮਿਆਨੇ ਤੇ ਵੱਧ ਉਚਾਈ ਵਾਲੇ ਇਲਾਕਿਆਂ ’ਚ ਬਰਫ਼ਬਾਰੀ ਤੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।