ਦੋਵਾਂ ਧਿਰਾਂ ਵੱਲੋਂ ਮਸਲੇ ਦੇ ਹੱਲ ਪ੍ਰਤੀ ਸੰਜੀਦਾ ਹੋਣ ਦੇ ਸੰਕੇਤ; ਮੇਜਰ ਜਨਰਲ ਪੱਧਰੀ ਗੱਲਬਾਤ ਅੱਜ
ਨਵੀਂ ਦਿੱਲੀ, 9 ਜੂਨ
ਪੂਰਬੀ ਲੱਦਾਖ ਦੀ ਗਲਵਾਨ ਘਾਟੀ ਤੇ ਹੋਰਨਾਂ ਇਲਾਕਿਆਂ ਵਿਚ ਚੀਨੀ ਤੇ ਭਾਰਤੀ ਫ਼ੌਜਾਂ ‘ਪਿੱਛੇ ਹਟਣੀਆਂ’ ਸ਼ੁਰੂ ਹੋ ਗਈਆਂ ਹਨ। ਇਸ ਤਰ੍ਹਾਂ ਦੋਵਾਂ ਧਿਰਾਂ ਨੇ ਮਹੀਨੇ ਤੋਂ ਜਾਰੀ ਟਕਰਾਅ ਦੇ ਗੱਲਬਾਤ ਰਾਹੀਂ ਹੱਲ ਪ੍ਰਤੀ ਵਚਨਬੱਧਤਾ ਦਾ ਸੰਕੇਤ ਦਿੱਤਾ ਹੈ। ਫ਼ੌਜੀ ਸੂਤਰਾਂ ਦਾ ਕਹਿਣਾ ਹੈ ਕਿ ਫ਼ਿਲਹਾਲ ਪੈਂਗੌਂਗ ਝੀਲ ਦੇ ਇਲਾਕੇ ਤੇ ਦੌਲਤ ਬੇਗ਼ ਓਲਡੀ ਖੇਤਰ ’ਚ ਪੁਜ਼ੀਸ਼ਨ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਹਾਲਾਂਕਿ ਫ਼ੌਜਾਂ ਦੇ ਪਿੱਛੇ ਹਟਣ ਬਾਰੇ ਨਾ ਤਾਂ ਰੱਖਿਆ ਮੰਤਰਾਲੇ ਤੇ ਨਾ ਹੀ ਵਿਦੇਸ਼ ਮੰਤਰਾਲੇ ਨੇ ਕੋਈ ਪੁਸ਼ਟੀ ਕੀਤੀ ਹੈ। ਚੀਨ ਵਾਲੇ ਪਾਸਿਓਂ ਵੀ ਕੋਈ ਬਿਆਨ ਜਾਰੀ ਨਹੀਂ ਹੋਇਆ। ਫ਼ੌਜ ਦੇ ਸੂਤਰਾਂ ਮੁਤਾਬਕ ਚੀਨ ਤੇ ਭਾਰਤ ਨੇ ਕੁਝ ਫ਼ੌਜ ਗਲਵਾਨ, ਹੌਟ ਸਪਰਿੰਗਜ਼ ਤੇ ਪੈਟਰੋਲਿੰਗ ਖੇਤਰ ਪੀਪੀ-15 ਵਿਚੋਂ ਕੱਢ ਲਈ ਹੈ ਤੇ ਆਰਜ਼ੀ ਢਾਂਚੇ ਵੀ ਹਟਾਏ ਗਏ ਹਨ। ਦੋਵੇਂ ਧਿਰਾਂ ਵਿਚਾਲੇ ਭਲਕੇ ਮੇਜਰ ਜਨਰਲ ਪੱਧਰ ਦੀ ਗੱਲਬਾਤ ਹੋਵੇਗੀ ਤਾਂ ਕਿ ਇਲਾਕੇ ਵਿਚੋਂ ਤਣਾਅ ਹੋਰ ਘਟਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਜੋ ਕਿ ਲੇਹ ਅਧਾਰਿਤ 14 ਕੋਰ ਦੇ ਕਮਾਂਡਰ ਹਨ ਤੇ ਤਿੱਬਤ ਫ਼ੌਜੀ ਜ਼ਿਲ੍ਹੇ ਦੇ ਮੇਜਰ ਜਨਰਲ ਲਿਊ ਲਿਨ ਵਿਚਾਲੇ ਸ਼ਨਿਚਰਵਾਰ ਨੂੰ ਲੰਮੀ-ਚੌੜੀ ਗੱਲਬਾਤ ਹੋਈ ਸੀ। ਹਾਲਾਂਕਿ ਇਸ ਦਾ ਕੋਈ ਉਸਾਰੂ ਸਿੱਟਾ ਨਹੀਂ ਨਿਕਲਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਮੁਲਾਕਾਤ ‘ਸਕਾਰਾਤਮਕ ਢੰਗ ਨਾਲ ਦੋਸਤਾਨਾ ਮਾਹੌਲ’ ’ਚ ਹੋਈ ਹੈ ਤੇ ਦੋਵੇਂ ਧਿਰਾਂ ਮਸਲੇ ਦੇ ‘ਜਲਦੀ ਹੱਲ’ ਲਈ ਸਹਿਮਤ ਹਨ। -ਪੀਟੀਆਈ