ਸ੍ਰੀਨਗਰ, 26 ਸਤੰਬਰ
ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿੱਚ 14 ਸਾਲ ਬਾਅਦ ਐਤਵਾਰ ਨੂੰ ‘ਏਅਰ ਸ਼ੋਅ’ ਕਰਵਾਇਆ ਗਿਆ ਜਿਸ ਵਿੱਚ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਅਤੇ ਚਿਨੂਕ ਹੈਲੀਕਾਪਟਰਾਂ ਨੇ ਕਰਤੱਬ ਦਿਖਾਏ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਦੇ ਹਵਾਈ ਸੈਨਾ ਸਟੇਸ਼ਨ ਨੇ ਇਹ ਏਅਰ ਸ਼ੋਅ ਕਰਵਾਇਆ ਸੀ ਅਤੇ ਸਰਕਾਰ ‘ਆਜ਼ਾਦੀ ਕਾ ਅਮ੍ਰਤ ਮਹਾਉਤਸਵ’ ਅਧੀਨ ਇਸ ਸਮਾਗਮ ਦਾ ਹਿੱਸਾ ਸੀ। ਹਵਾਈ ਸੈਨਾ ਦੀ ਅਕਾਸ਼ਗੰਗਾ ਸਕਾਈ ਡਾਈਵਿੰਗ ਅਤੇ ਸੂਰਜ ਕਿਰਨ ਏਅਰੋਬੈਟਿਕ ਡਿਸਪਲੇਅ ਟੀਮਾਂ ਨੇ ਇਸ ਵਿੱਚ ਹਿੱਸਾ ਲਿਆ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਕਸ਼ਮੀਰ ਵਾਦੀ ਦੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਹੈ। ਇਸ ਸਮਾਗਮ ਦਾ ਵਿਸ਼ਾ ‘ਆਪਣੇ ਸੁਫਨਿਆਂ ਨੂੰ ਖੰਭ ਲਗਾਓ’ ਸੀ। ਡੱਲ ਝੀਲ ਕੋਲ ਸ਼ੇਰ ਏ ਕਸ਼ਮੀਰ ਕੌਮਾਂਤਰੀ ਸੰਮੇਲਨ ਕੇਂਦਰ ਵਿੱਚ ਵਾਦੀ ਦੇ ਸਕੂਲਾਂ ਦੇ ਸੈਂਕੜੇ ਬੱਚਿਆਂ ਅਤੇ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਦਾ ਆਗਾਜ਼ ਕੀਤਾ। ਸਮਾਗਮ ਹਵਾਈ ਸੈਨਾ ਦੇ ਸਭ ਤੋਂ ਪੁਰਾਣੇ ਲੜਾਕੂ ਜਹਾਜ਼ ‘ਮਿਗ 21’ ਨਾਲ ਸ਼ੁਰੂ ਹੋਇਆ। ਚਾਰ ਮਿਗ-21 ਲੜਾਕੂ ਜਹਾਜ਼ਾਂ ਨੇ ਅਸਮਾਨ ਤੋਂ ਮੰਚ ਵੱਲ ਸਲਾਮੀ ਦਿੱਤੀ। ਇਸ ’ਤੇ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਮਾਰੀਆਂ। ਇਸ ਤੋਂ ਬਾਅਦ ਅਕਾਸ਼ਗੰਗਾ ਸਕਾਈ ਡਾਈਵਿੰਗ ਟੀਮ ਨੇ ਹੈਰਾਨ ਕਰਨ ਵਾਲੇ ਕਰਤੱਬ ਦਿਖਾਏ ਅਤੇ ਪਾਇਲਟਾਂ ਨੇ ਜਹਾਜ਼ਾਂ ਤੋਂ ਛਾਲ ਮਾਰੀ। ਸਕਾਈਵਾਰਡਨ ਆਗੂ ਆਫ਼ਤਾਬ ਖਾਨ ਦੀ ਅਗਵਾਈ ਹੇਠ ਦਸ ਮੈਂਬਰੀ ਟੀਮ ਨੇ ਜ਼ਮੀਨ ’ਤੇ ਆਉਣ ਦੌਰਾਨ ਰੁਮਾਂਚਕ ਕਰਤੱਬ ਦਿਖਾਏ। -ਪੀਟੀਆਈ