ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 27 ਅਗਸਤ
ਵਿਦੇਸ਼ ਮੰਤਰਾਲੇ ਨੇ ਸਰਹੱਦੀ ਵਿਵਾਦ ਹੱਲ ਕਰਨ ਲਈ ਚੀਨ ਖ਼ਿਲਾਫ਼ ਫੌਜੀ ਕਾਰਵਾਈ ਕਰਨ ਤੋਂ ਅਸਿੱਧੇ ਤੌਰ ’ਤੇ ਇਨਕਾਰ ਕਰਦਿਆਂ ਕਿਹਾ ਕਿ ਸਰਕਾਰ ਐਲਏਸੀ ’ਤੇ ਫੌਜਾਂ ਨੂੰ ਉਨ੍ਹਾਂ ਦੀ ‘ਨਿਰਧਾਰਤ ਥਾਂ’ ’ਤੇ ਵਾਪਸ ਭੇਜਣ ਲਈ ਕੰਮ ਕਰ ਰਹੀ ਹੈ। ਚੀਨ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਹਾਲ ਹੀ ਵਿੱਚ ਦਿੱਤੇ ਇੰਟਰਵਿਊ ਦਾ ਹਵਾਲਾ ਦਿੱਤਾ,ਜਿਸ ਵਿੱਚ ਉਨ੍ਹਾਂ ਕਿਹਾ ਸੀ ਬੀਤੇ ਵਿੱਚ ਪੈਦਾ ਹੋਏ ਸਾਰੇ ਸਰਹੱਦੀ ਵਿਵਾਦਾਂ ਦਾ ਕੂਟਨੀਤਕ ਪੱਧਰ ’ਤੇ ਹੱਲ ਕੱਢ ਲਿਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਇਹ ਬਿਆਨ ਕੁਝ ਦਿਨ ਪਹਿਲਾਂ ਚੀਫ ਆਫ ਡਿਫੈਂਸ ਸਟਾਫ਼ ਬਿਪਿਨ ਰਾਵਤ ਵੱਲੋਂ ਇਹ ਕਹੇ ਜਾਣ ਕਿ ਜੇ ਚੀਨ ਨਾਲ ਗੱਲਬਾਤ ਸਕਾਰਾਤਮਕ ਨਹੀਂ ਰਹਿੰਦੀ ਤਾਂ ਭਾਰਤ ਫੌਜੀ ਬਦਲ ਲਈ ਵੀ ਤਿਆਰ ਹੈ ਦੇ ਬਾਅਦ ਆਇਆ ਹੈ। ਵਿਦੇਸ਼ ਮੰਤਰਾਲੇ ਨੇ ਇਹ ਵੀ ਜ਼ਿਕਰ ਕੀਤਾ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਜਦੋਂ ਗੱਲ ਕਿਸੇ ਚੀਜ਼ ਦਾ ਹੱਲ ਲੱਭਣ ਦੀ ਆਉਂਦੀ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਸਾਰੇ ਸਮਝੌਤਿਆਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਮੰਤਰਾਲੇ ਨੇ ਇਹ ਇਸ਼ਾਰਾ ਵੀ ਕੀਤਾ ਕਿ ਚੀਨ ਕੂਟਨੀਤਕ ਅਤੇ ਕਮਾਂਡਰ ਪੱਧਰ ’ਤੇ ਗੱਲਬਾਤ ਦੌਰਾਨ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਧੀਮੀ ਗਤੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਵਿਵਾਦ ਨੂੰ ਸੁਲਝਾਉਣ ਲਈ ਦੋਵਾਂ ਧਿਰਾਂ ਨੂੰ ਸਹਿਮਤ ਹੋਣਾ ਪਵੇਗਾ ਤੇ ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਦੋਵੇਂ ਧਿਰਾਂ ਤੈਅ ਨਿਯਮਾਂ ਦਾ ਪਾਲਣ ਕਰਨ।