ਨਵੀਂ ਦਿੱਲੀ, 24 ਨਵੰਬਰ
ਭਾਰਤ ਨੇ ਅੱਜ ਮੁੜ ਜ਼ੋਰ ਦੇ ਕੇ ਕਿਹਾ ਕਿ ਅਫ਼ਗਾਨ ਸੰਕਟ ਦੇ ਹੱਲ ਲਈ ਸਿਆਸੀ ਪੱਧਰ ਉਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਭਾਰਤ ਨੇ ਨਾਲ ਹੀ ਕਿਹਾ ਕਿ ਅਫ਼ਗਾਨਿਸਤਾਨ ਦੀ ਧਰਤੀ ਕਿਸੇ ਹੋਰ ਲਈ ਖ਼ਤਰਾ ਨਹੀਂ ਬਣਨੀ ਚਾਹੀਦੀ। ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਉਦਯੋਗ ਚੈਂਬਰ ਦੇ ਇਕ ਸੈਸ਼ਨ ਵਿਚ ਕਿਹਾ ਕਿ ਨਵੀਂ ਦਿੱਲੀ ਅਫ਼ਗਾਨ ਸੰਕਟ ਬਾਰੇ ਉਨ੍ਹਾਂ ਸਾਰੇ ਮੁਲਕਾਂ ਦੇ ਸੰਪਰਕ ਵਿਚ ਹੈ ਜੋ ਫ਼ਿਕਰਮੰਦ ਹਨ। ਉਨ੍ਹਾਂ ਕਿਹਾ ਕਿ ਇਹ ਦੇਖਣਾ ਹੋਵੇਗਾ ਕਿ ਆਪਣੇ ਹਿੱਤਾਂ ਦੀ ਬਿਹਤਰੀ ਲਈ ਕੀ ਕੀਤਾ ਜਾ ਸਕਦਾ ਹੈ ਤੇ ਇਸ ਮੁਸ਼ਕਲ ਹਾਲਾਤ ਵਿਚੋਂ ‘ਵੱਧ ਤੋਂ ਵੱਧ’ ਕੀ ਖੱਟਿਆ ਜਾ ਸਕਦਾ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਲਗਾਤਾਰ ਸਰਗਰਮ ਹੈ ਤੇ ਕੌਮਾਂਤਰੀ ਭਾਈਚਾਰੇ ਨਾਲ ਉੱਥੋਂ ਦੀ ਸਥਿਤੀ ਬਾਰੇ ‘ਤਾਲਮੇਲ’ ਕਰ ਰਿਹਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਵੇਂ ਰਣਨੀਤਕ ਸਮੀਕਰਨਾਂ ਦੇ ਬਾਵਜੂਦ ਸਾਡੇ ਵਡੇਰੇ ਹਿੱਤ ਸੁਰੱਖਿਅਤ ਰਹਿਣ। ਸ਼੍ਰਿੰਗਲਾ ਨੇ ਨਾਲ ਹੀ ਕਿਹਾ ਕਿ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮਦਦ ਦੀ ਲੋੜ ਹੈ ਤੇ ਉੱਥੇ ਮਦਦ ਭੇਜੀ ਜਾਣੀ ਚਾਹੀਦੀ ਹੈ। -ਪੀਟੀਆਈ