ਜੈਪੁਰ, 12 ਦਸੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਹਿੰਦੂਆਂ ਦਾ ਦੇਸ਼ ਹੈ, ਹਿੰਦੁਤਵਵਾਦੀਆਂ ਦਾ ਨਹੀਂ, ਜੋ ਕਿਸੇ ਵੀ ਕੀਮਤ ’ਤੇ ਸੱਤਾ ਹਥਿਆਉਣਾ ਚਾਹੁੰਦੇ ਹਨ। ਰਾਹੁਲ ਨੇ ਕਿਹਾ ਕਿ ਦੇਸ਼ ਵਿੱਚ ਆਮ ਲੋਕਾਂ ਨੂੰ ਦਰਪੇਸ਼ ਮਹਿੰਗਾਈ ਤੇ ਦੁੱਖ ਤਕਲੀਫ਼ਾਂ ਸਭ ਹਿੰਦੁਤਵਵਾਦੀਆਂ ਦਾ ਕੀਤਾ ਕਰਾਇਆ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਤਿੰਨ-ਚਾਰ ਸਨਅਤਕਾਰ ਦੋਸਤਾਂ ਨੇ ਸੱਤ ਸਾਲਾਂ ਵਿੱਚ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਰੈਲੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਉਨ੍ਹਾਂ ਦੇ ਹਮਰੁਤਬਾ ਭੁਪੇਸ਼ ਬਘੇਲ, ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰ ਸੀਨੀਅਰ ਆਗੂ ਮੌਜੂਦ ਸਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਰੈਲੀ ’ਚ ਸ਼ਾਮਲ ਹੋਣਾ ਸੀ, ਪਰ ਉਹ ਲੇਟ ਹੋ ਗਏ। ਚੰਨੀ ਰੈਲੀ ਤੋਂ ਵਾਪਸ ਜਾ ਰਹੇ ਸੋਨੀਆ ਗਾਂਧੀ ਤੇ ਪ੍ਰਿਯੰਕਾ ਨੂੰ ਹੀ ਮਿਲ ਸਕੇ। ਸੋਨੀਆ ਗਾਂਧੀ ਨੇ ਰੈਲੀ ਨੂੰ ਸੰਬੋਧਨ ਨਹੀਂ ਕੀਤਾ। ਮਹਿੰਗਾਈ ਖਿਲਾਫ਼ ਕੌਮੀ ਪੱਧਰ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਹਿੰਦੂ ਤੇ ਹਿੰਦੁਤਵ ਦੋ ਵੱਖੋ-ਵੱਖਰੇ ਸ਼ਬਦ ਹਨ। ਜਿਵੇਂ ਦੋ ਮਨੁੱਖਾਂ ਵਿੱਚ ਇਕ ਆਤਮਾ ਨਹੀਂ ਹੋ ਸਕਦੀ, ਉਸੇ ਤਰ੍ਹਾਂ ਦੋ ਸ਼ਬਦਾਂ ਦਾ ਇਕ ਅਰਥ ਨਹੀਂ ਹੋ ਸਕਦਾ। ਰਾਹੁਲ ਨੇ ਕਿਹਾ ਕਿ ਹਿੰਦੂ ਉਹ, ਜੋ ਕਿਸੇ ਤੋਂ ਨਹੀਂ ਡਰਦਾ ਤੇ ਹਰ ਕਿਸੇ ਨੂੰ ਗਲ ਲਾਉਂਦਾ ਹੈ। ਮਹਾਤਮਾ ਗਾਂਧੀ ਹਿੰਦੂ ਸਨ ਤੇ ਗੋਡਸੇ ਹਿੰਦੁਤਵਵਾਦੀ ਸੀ। ਕਾਂਗਰਸ ਆਗੂ ਨੇ ਜ਼ੋਰ ਦੇ ਕੇ ਆਖਿਆ ਕਿ ਹਿੰਦੂ ਲਗਾਤਾਰ ਸੱਚ ਦੀ ਭਾਲ ਵਿੱਚ ਰਹਿੰਦਾ ਹੈ ਤੇ ਮਹਾਤਮਾ ਗਾਂਧੀ ਵਾਂਗ ਆਪਣੀ ਸਾਰੀ ਜ਼ਿੰਦਗੀ ਇਸੇ ਭਾਲ ਵਿੱਚ ਗੁਜ਼ਾਰ ਦਿੰਦਾ ਹੈ, ਪਰ ਅਖੀਰ ਨੂੰ ਇਕ ਹਿੰਦੁਤਵਵਾਦੀ ਨੇ ਉਨ੍ਹਾਂ (ਮਹਾਤਮਾ ਗਾਂਧੀ) ਦੀ ਛਾਤੀ ਵਿੱਚ ਤਿੰਨ ਗੋਲੀਆਂ ਦਾਗ ਦਿੱਤੀਆਂ। ਹਿੰਦੁਤਵਵਾਦੀ ਆਪਣੀ ਸਾਰੀ ਜ਼ਿੰਦਗੀ ਸੱਤਾ ਲਈ ਲਾ ਦਿੰਦਾ ਹੈ, ਫਿਰ ਚਾਹੇ ਇਸ ਲਈ ਉਸ ਨੂੰ ਕਿਸੇ ਨੂੰ ਕੁੱਟਣਾ ਜਾਂ ਉਸ ਦੀ ਹੱਤਿਆ ਹੀ ਕਿਉਂ ਨਾ ਕਰਨੀ ਪਏ। ਰਾਹੁਲ ਨੇ ਕਿਹਾ, ‘‘ਇਹ ਸੱਤਿਆਗ੍ਰਹਿ ਨਹੀਂ ਬਲਕਿ ਸੱਤਾਗ੍ਰਹਿ ਹੈ। ਮੈਂ ਹਿੰਦੂ ਹਾਂ, ਹਿੰਦੁਤਵਵਾਦੀ ਨਹੀਂ। ਹਿੰਦੁਤਵਵਾਦੀਆਂ ਨੂੰ ਇਕ ਵਾਰ ਫ਼ਿਰ ਸੱਤਾ ’ਚੋਂ ਬੇਦਖਲ ਕਰਦਿਆਂ ਦੇਸ਼ ਵਿਚ ਹਿੰਦੂਆਂ ਦਾ ਸ਼ਾਸਨ ਲਿਆਉਣਾ ਹੋਵੇਗਾ।’’ ਰਾਹੁਲ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਕਿਉਂਕਿ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਹਨ, ਪਰ ਮੋਦੀ ਨੇ ‘ਉਨ੍ਹਾਂ ਦੀ ਪਿੱਠ ’ਚ ਛੁਰੀ ਮਾਰੀ।’
ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਰਾਹੁਲ ਨੇ ਕਿਹਾ, ‘‘ਉਨ੍ਹ੍ਵਾਂ ਸਾਹਮਣਿਓਂ ਨਹੀਂ ਬਲਕਿ ਪਿੱਠ ਵਿੱਚ ਛੁਰੀ ਮਾਰੀ ਕਿਉਂਕਿ ਉਹ ਹਿੰਦੁਤਵਵਾਦੀ ਹਨ। ਜਦੋਂ ਹਿੰਦੂ ਕਿਸਾਨ ਉੱਠ ਖੜ੍ਹੇ, ਤਾਂ ਹਿੰਦੁਤਵਵਾਦੀ ਨੇ ਕਿਹਾ ਮੈਂ ਮੁਆਫ਼ੀ ਮੰਗਦਾ ਹਾਂ।’’ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਚੰਗੇ ਦਿਨਾਂ ਦਾ ਵਾਅਦਾ ਕੀਤਾ ਸੀ, ਪਰ ਚੰਗੇ ਦਿਨ ਸਿਰਫ਼ ਅਡਾਨੀ ਤੇ ਅੰਬਾਨੀ ਦੇ ਹੀ ਆਏ। ‘ਪਰ ਇਹ ਉਨ੍ਹਾਂ ਦੀ ਨਹੀਂ ਬਲਕਿ ਪ੍ਰਧਾਨ ਮੰਤਰੀ ਦੀ ਗ਼ਲਤੀ ਹੈ, ਜੋ ਨਿੱਤ ਦਿਨ ਉਨ੍ਹਾਂ ਨੂੰ ਕੁਝ ਦੇਣ ਬਾਰੇ ਸੋਚਦੇ ਹਨ।’ ਰਾਹੁਲ ਨੇ ਕਿਹਾ ਕਿ ਦੇਸ਼ ਦਾ 33 ਫੀਸਦ ਪੈਸਾ 1 ਫੀਸਦ ਆਬਾਦੀ ਕੋਲ ਹੈ ਤੇ ਜਦੋਂਕਿ 50 ਫੀਸਦ ਆਬਾਦੀ ਕੋਲ ਸਿਰਫ਼ 6 ਫੀਸਦ ਪੈਸਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਕਰੋਨਾ ਮਹਾਮਾਰੀ ਦਰਮਿਆਨ ਸਨਅਤਕਾਰਾਂ ਦੇ ਟੈਕਸ ਮੁਆਫ਼ ਕੀਤੇ, ਪਰ ਸੈਂਕੜੇ ਕਿਲੋਮੀਟਰ ਦੂਰ ਆਪਣੇ ਘਰਾਂ ਨੂੰ ਤੁਰੀ ਜਾਂਦੇ ਕਿਰਤੀਆਂ ਨੂੰ ਬੱਸਾਂ ਮੁਹੱਈਆ ਨਹੀਂ ਕਰਵਾਈਆਂ। ਉਨ੍ਹਾਂ ਚੀਨ, ਜੀਐੱਸਟੀ, ਨੋਟਬੰਦੀ ਜਿਹੇ ਮੁੱਦਿਆਂ ’ਤੇ ਵੀ ਸਰਕਾਰ ਨੂੰ ਰਗੜੇ ਲਾਏ। -ਪੀਟੀਆਈ
ਮੋਦੀ ਸਰਕਾਰ ਨੇ ਸੱਤ ਸਾਲਾਂ ’ਚ ਆਮ ਆਦਮੀ ਲਈ ਕੀ ਕੀਤਾ: ਪ੍ਰਿਯੰਕਾ
ਜੈਪੁਰ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹੱਲੇ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੇ 70 ਸਾਲਾਂ ਦੌਰਾਨ ਜੋ ਕੁਝ ਬਣਾਇਆ ਹੈ, ਭਾਜਪਾ ਸਰਕਾਰ ਉਹ ਆਪਣੇ ਸਨਅਤਕਾਰ ਦੋਸਤਾਂ ਨੂੰ ਵੇਚਣਾ ਚਾਹੁੰਦੀ ਹੈ। ਪ੍ਰਿਯੰਕਾ ਨੇ ਕਿਹਾ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਭਾਜਪਾ ਆਗੂ ਚੀਨ ਜਾਂ ਹੋਰਨਾਂ ਮੁਲਕਾਂ, ਜਾਤੀਵਾਦ ਤੇ ਫ਼ਿਰਕੂਵਾਦ ਦੀ ਤਾਂ ਗੱਲ ਕਰਦੇ ਹਨ, ਪਰ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੀ ਨਹੀਂ। ਕਾਂਗਰਸ ਆਗੂ ਨੇ ਸਵਾਲ ਕੀਤਾ ਕਿ ਮੋਦੀ ਸਰਕਾਰ ਨੇ ਪਿਛਲੇ ਸੱਤ ਸਾਲਾਂ ਦੇ ਕਾਰਜਕਾਲ ਦੌਰਾਨ ਹੁਣ ਤੱਕ ਕੀ ਕੀਤਾ ਹੈ। ਉਨ੍ਹਾਂ ਰੈਲੀ ’ਚ ਮੌਜੂਦ ਲੋਕਾਂ ਨੂੰ ਮੁਖਾਤਬਿ ਹੁੰਦਿਆਂ ਕਿਹਾ, ‘‘ਸਰਕਾਰ ਦੀ ਜਵਾਬਦੇਹੀ ਨਿਰਧਾਰਿਤ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ, ਅਸਮਾਨੀ ਪੁੱਜੀ ਮਹਿੰਗਾਈ ਬਾਰੇ ਕਿੰਤੂ ਪ੍ਰੰਤੂ ਕਰਨਾ ਵੀ ਤੁਹਾਡਾ ਫ਼ਰਜ਼ ਹੈ।’’ ਪ੍ਰਿਯੰਕਾ ਨੇ ਕਿਹਾ ਕਿ ਸਰਕਾਰ ਦੇਸ਼ ਦੇ ਲੋਕਾਂ ਤੇ ਕਿਸਾਨਾਂ ਦੀ ਥਾਂ ਆਪਣੇ ਕੁਝ ਚੋਣਵੇਂ ਸਨਅਤਕਾਰ ਦੋਸਤਾਂ ਲਈ ਹੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਦੋ ਤਰ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਹਨ। ਪਹਿਲੀ ਸਰਕਾਰ ਦਾ ਟੀਚਾ ਸੇਵਾ, ਸਮਰਪਣ ਭਾਵਨਾ ਤੇ ਲੋਕਾਂ ਪ੍ਰਤੀ ਇਮਾਨਦਾਰ ਰਹਿਣਾ ਹੁੰਦਾ ਹੈ ਅਤੇ ਦੂਜੀ ਸਰਕਾਰ ਉਹ ਹੈ, ਜਿਸ ਦਾ ਟੀਚਾ ਲਾਲਚ ਤੇ ਲੁੱਟ ਹੈ…ਮੌਜੂਦਾ ਕੇਂਦਰ ਸਰਕਾਰ ਦਾ ਟੀਚਾ ਝੂਠ, ਲਾਲਚ ਤੇ ਲੁੱਟ ਹੈ।’’ -ਪੀਟੀਆਈ