ਨਵੀਂ ਦਿੱਲੀ, 4 ਜੂਨ
ਮੁੱਖ ਅੰਸ਼
- ਮੋਦੀ ਅਤੇ ਮੌਰੀਸਨ ਨੇ ਆਨਲਾਈਨ ਸਿਖਰ ਸੰਮੇਲਨ ਦੌਰਾਨ ਕਰੋਨਾ ਸਮੇਤ ਹੋਰ ਮੁੱਦੇ ਵਿਚਾਰੇ
- ਸਾਈਬਰ, ਮਾਈਨਿੰਗ ਅਤੇ ਮਿਨਰਲ, ਮਿਲਟਰੀ ਤਕਨਾਲੋਜੀ, ਵੋਕੇਸ਼ਨਲ ਐਜੂਕੇਸ਼ਨ ਅਤੇ ਜਲ ਸਰੋਤ ਪ੍ਰਬੰਧਨ ਦੇ ਖੇਤਰਾਂ ’ਚ ਛੇ ਹੋਰ ਸਮਝੌਤੇ
- ਅਤਿਵਾਦ ਨੂੰ ਖਿੱਤੇ ਦੀ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਮੰਨਿਆ
ਭਾਰਤ ਅਤੇ ਆਸਟਰੇਲੀਆ ਨੇ ਇਕ-ਦੂਜੇ ਦੇ ਫ਼ੌਜੀ ਅੱਡਿਆਂ ਤੱਕ ਸਾਜ਼ੋ ਸਾਮਾਨ ਦੀ ਪਹੁੰਚ ਲਈ ਇਤਿਹਾਸਕ ਰੱਖਿਆ ਸਮਝੌਤਾ ਕੀਤਾ ਹੈ। ਇਸ ਤੋਂ ਇਲਾਵਾ ਦੋਵੇਂ ਮੁਲਕਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਛੇ ਹੋਰ ਸਮਝੌਤੇ ਸਹੀਬੰਦ ਕੀਤੇ ਗਏ ਹਨ। ਇਹ ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਸਕੌਟ ਮੌਰੀਸਨ ਵਿਚਕਾਰ ਹੋਏ ਆਨਲਾਈਨ ਸਿਖਰ ਸੰਮੇਲਨ ਦੌਰਾਨ ਕੀਤੇ ਗਏ। ਮਿਊਚਲ ਲੌਜਿਸਟਿਕਸ ਸਪੋਰਟ ਐਗਰੀਮੈਂਟ ਨਾਲ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਇਕ-ਦੂਜੇ ਦੇ ਅੱਡਿਆਂ ਦੀ ਵਰਤੋਂ ਮੁਰੰਮਤ ਅਤੇ ਸਪਲਾਈ ਹਾਸਲ ਕਰਨ ਲਈ ਕਰ ਸਕਣਗੀਆਂ। ਦੋਵੇਂ ਮੁਲਕਾਂ ’ਚ ਚੌਤਰਫਾ ਰੱਖਿਆ ਸਹਿਯੋਗ ਵੀ ਵਧਾਇਆ ਜਾਵੇਗਾ। ਭਾਰਤ ਨੇ ਅਜਿਹੇ ਸਮਝੌਤੇ ਅਮਰੀਕਾ, ਫਰਾਂਸ ਅਤੇ ਸਿੰਗਾਪੁਰ ਨਾਲ ਕੀਤੇ ਹੋਏ ਹਨ। ਹੋਰ ਸਮਝੌਤਿਆਂ ਤਹਿਤ ਸਾਈਬਰ, ਮਾਈਨਿੰਗ ਅਤੇ ਮਿਨਰਲ, ਮਿਲਟਰੀ ਤਕਨਾਲੋਜੀ, ਵੋਕੇਸ਼ਨਲ ਐਜੂਕੇਸ਼ਨ ਅਤੇ ਜਲ ਸਰੋਤ ਪ੍ਰਬੰਧਨ ਦੇ ਖੇਤਰਾਂ ’ਚ ਦੁਵੱਲਾ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ। ਵਿਆਪਕ ਰਣਨੀਤਕ ਭਾਈਵਾਲੀ ਤਹਿਤ ਦੋਵੇਂ ਮੁਲਕਾਂ ਨੇ ਦੋ ਜਮ੍ਹਾਂ ਦੋ ਵਾਰਤਾ ਨੂੰ ਵੀ ਅਪਗਰੇਡ ਕੀਤਾ ਹੈ। ਇਸ ’ਚ ਵਿਦੇਸ਼ ਅਤੇ ਰੱਖਿਆ ਸਕੱਤਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਦੋਵੇਂ ਆਗੂਆਂ ਨੇ ਗੱਲਬਾਤ ਦੌਰਾਨ ਅਤਿਵਾਦ, ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਸਮੁੰਦਰੀ ਸੁਰੱਖਿਆ ਲਈ ਵੱਧ ਰਹੀਆਂ ਚੁਣੌਤੀਆਂ, ਵਿਸ਼ਵ ਵਪਾਰ ਸੰਗਠਨ ’ਚ ਸੁਧਾਰ ਅਤੇ ਕਰੋਨਾਵਾਇਰਸ ਸੰਕਟ ਨਾਲ ਸਿੱਝਣ ਦੇ ਰਾਹ ਲੱਭਣ ਸਮੇਤ ਹੋਰ ਅਹਿਮ ਮੁੱਦੇ ਵਿਚਾਰੇ। ਮੋਦੀ-ਮੌਰੀਸਨ ਵਾਰਤਾ ਤੋਂ ਬਾਅਦ ਜਾਰੀ ਸਾਂਝੇ ਬਿਆਨ ਮੁਤਾਬਕ ਦੋਵੇਂ ਮੁਲਕਾਂ ਨੇ ਭਾਰਤੀ ਕੰਪਨੀਆਂ ਦੀ ਹੁੰਦੀ ਆਮਦਨ ’ਤੇ ਟੈਕਸ ਦੇ ਮੁੱਦੇ ਬਾਰੇ ਵੀ ਵਿਚਾਰਾਂ ਕੀਤੀਆਂ ਅਤੇ ਇਸ ਦਾ ਫੌਰੀ ਹੱਲ ਵੀ ਮੰਗਿਆ। ਇਸ ’ਚ ਕਿਹਾ ਗਿਆ ਕਿ ਦੋਵੇਂ ਧਿਰਾਂ ਨੇ ਦੁਵੱਲੇ ਵਿਆਪਕ ਆਰਥਿਕ ਸਹਿਯੋਗ ਸਮਝੌਤੇ (ਸੀਈਸੀਏ) ’ਤੇ ਮੁੜ ਂ ਗੱਲਬਾਤ ਕਰਨ ਦਾ ਫ਼ੈਸਲਾ ਲਿਆ ਹੈ ਜਿਥੇ ਆਪਸੀ ਸਹਿਮਤੀ ਨਾਲ ਰਾਹ ਲੱਭੇ ਜਾਣਗੇ। ਦੋਵੇਂ ਮੁਲਕਾਂ ਨੇ ਅਤਿਵਾਦ ਨੂੰ ਖਿੱਤੇ ਦੀ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਮੰਨਿਆ ਅਤੇ ਇਸ ਦੀ ਨਿਖੇਧੀ ਕਰਦਿਆਂ ਜ਼ੋਰ ਦਿੱਤਾ ਕਿ ਕਿਸੇ ਵੀ ਆਧਾਰ ’ਤੇ ਅਤਿਵਾਦੀ ਸਰਗਰਮੀਆਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਨਲਾਈਨ ਸਿਖਰ ਸੰਮੇਲਨ ’ਚ ਹਿੱਸਾ ਲੈਂਦਿਆਂ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਤੋਂ ਦੁਨੀਆ ਨੂੰ ਛੇਤੀ ਬਾਹਰ ਕੱਢਣ ਲਈ ਤਾਲਮੇਲ ਅਤੇ ਇਕਜੁੱਟਤਾ ਨਾਲ ਕਦਮ ਵਧਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਦੁਨੀਆ ’ਚ 65 ਲੱਖ ਲੋਕ ਕਰੋਨਾ ਤੋਂ ਪੀੜਤ ਹਨ ਅਤੇ 3.88 ਲੱਖ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਆਨਲਾਈਨ ਸਿਖਰ ਸੰਮੇਲਨ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਇਸ ਨੂੰ ‘ਭਾਰਤ-ਆਸਟਰੇਲੀਆ ਗੱਠਜੋੜ ਦਾ ਨਵਾਂ ਮਾਡਲ’ ਅਤੇ ਕਾਰੋਬਾਰ ਕਰਨ ਦਾ ਵੀ ਨਵਾਂ ਮਾਡਲ ਦੱਸਿਆ। -ਪੀਟੀਆਈ
‘ਸਮੋਸੇ-ਖਿਚੜੀ’ ਦੀ ਕੂਟਨੀਤੀ ਨਾਲ ਮੁਕੰਮਲ ਹੋਇਆ ਸਿਖਰ ਸੰਮੇਲਨ
ਮੈਲਬਰਨ: ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਗਰਮ-ਗਰਮ ਸਮੋਸਿਆਂ ਅਤੇ ਅੰਬ ਦੀ ਚਟਨੀ ਦਾ ਸੁਆਦ ਲਿਆ। ਇਸ ਤੋਂ ਬਾਅਦ ਉਨ੍ਹਾਂ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਵਾਅਦਾ ਕੀਤਾ ਕਿ ਅਗਲੀ ਵਾਰ ਮਿਲਣ ਤੋਂ ਪਹਿਲਾਂ ਉਹ ਆਪਣੀ ਰਸੋਈ ’ਚ ਗੁਜਰਾਤੀ ਖਿਚੜੀ ਪਕਾਉਣਗੇ। ਦੋਵੇਂ ਆਗੂਆਂ ਨੇ ਕੋਵਿਡ-19 ਮਹਾਮਾਰੀ ਦਰਮਿਆਨ ਭਾਰਤ-ਆਸਟਰੇਲੀਆ ਵਿਚਕਾਰ ਹੋਏ ਪਹਿਲੇ ਡਿਜੀਟਲ ਸਿਖਰ ਸੰਮੇਲਨ ਦੌਰਾਨ ਅਜਿਹੇ ਹੀ ਕੁਝ ਹਲਕੇ-ਫੁਲਕੇ ਪਲ ਸਾਂਝੇ ਕੀਤੇ। ਮੌਰੀਸਨ ਨੇ ਸ੍ਰੀ ਮੋਦੀ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ‘ਹੋਲੋਗ੍ਰਾਮ’ ਤਕਨੀਕ ਰਾਹੀਂ ਕੀਤੇ ਗਏ ਚੋਣ ਪ੍ਰਚਾਰ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਹੋ ਸਕਦਾ ਹੈ ਕਿ ਅਗਲੀ ਮੁਲਾਕਾਤ ਵੇਲੇ ਉਨ੍ਹਾਂ ਕੋਲ ਸ੍ਰੀ ਮੋਦੀ ਦਾ ਹੋਲੋਗ੍ਰਾਮ ਹੋਵੇਗਾ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਖਾਹਿਸ਼ ਜਤਾਈ ਕਿ ਕਾਸ਼ ਉਹ ਇਥੇ ਹੁੰਦੇ ਅਤੇ ‘ਮੋਦੀ ਦੀ ਮਸ਼ਹੂਰ ਜੱਫੀ’ ਦਾ ਆਨੰਦ ਮਾਣ ਸਕਦੇ। -ਪੀਟੀਆਈ