ਨਵੀਂ ਦਿੱਲੀ, 12 ਅਪਰੈਲ
ਭਾਰਤ ਅਤੇ ਫਰਾਂਸ ਨੇ ਅੱਜ ਪੱਛਮੀ ਏਸ਼ੀਆ ਤੇ ਉੱਤਰੀ ਅਫਰੀਕਾ ਖਿੱਤੇ ਨਾਲ ਸਬੰਧਤ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਇਹ ਚਰਚਾ ਭਾਰਤ ਤੇ ਫਰਾਂਸ ਵਿਚਾਲੇ ਪੱਛਮੀ ਏਸ਼ੀਆ ਤੇ ਉੱਤਰੀ ਅਫਰੀਕੀ ਖਿੱਤੇ ਬਾਰੇ ਪਹਿਲੀ ਗੱਲਬਾਤ ਦੇ ਹਿੱਸੇ ਵਜੋਂ ਵਰਚੁਅਲ ਮਾਧਿਅਮ ਰਾਹੀਂ ਕੀਤੀ ਗਈ। ਇਨ੍ਹਾਂ ਮੀਟਿੰਗਾਂ ਦੀ ਸਹਿ-ਅਗਵਾਈ ਫਰਾਂਸ ਦੇ ਯੂਰਪ ਤੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਦੇ ਮੱਧ ਪੂਰਬੀ ਤੇ ਉੱਤਰੀ ਅਫਰੀਕਾ ਡਾਇਰੈਕਟੋਰੇਟ ਦੀ ਨਿਰਦੇਸ਼ਕ ਤੇ ਰਾਜਦੂਤ ਐਨੀ ਗੁਐਗੂਏਨ ਤੇ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਪ੍ਰਦੀਪ ਸਿੰਘ ਰਾਜਪੁਰੋਹਿਤ ਵੱਲੋਂ ਕੀਤੀ ਗਈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋਵਾਂ ਮੁਲਕਾਂ ਵਿੱਚ ਸਬੰਧਤ ਤਰਜੀਹਾਂ ਅਤੇ ਆਪਸੀ ਰੁਚੀ ਦੇ ਖੇਤਰਾਂ ’ਤੇ ਚਰਚਾ ਕੀਤੀ ਗਈ ਤੇ ਪੱਛਮੀ ਏਸ਼ੀਆ ਤੇ ਉੱਤਰੀ ਅਫਰੀਕਾ ਖਿੱਤੇ ਦੇ ਰਾਜਨੀਤਕ, ਸੁਰੱਖਿਆ, ਆਰਥਿਕਤਾ ਤੇ ਕਾਰੋਬਾਰ ਸਮੇਤ ਕਈ ਪੱਖਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। -ਪੀਟੀਆਈ