ਦੇਹਰਾਦੂਨ, 21 ਅਗਸਤ
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਭਾਰਤ-ਚੀਨ ਸਰਹੱਦ ਦੇ ਨੇੜੇ ਸਥਿਤ ਮਾਨਾ ਪਿੰਡ ਵਿੱਚ ਸ਼ਨਿਚਰਵਾਰ ਨੂੰ 11,000 ਫੁੱਟ ਦੀ ਉਚਾਈ ’ਤੇ ਭਾਰਤ ਦੇ ਸਭ ਤੋਂ ਉੱਚੇ ਹਰਬਲ ਪਾਰਕ ਦਾ ਉਦਘਾਟਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮਾਨਾ ਚੀਨ ਦੀ ਸਰਹੱਦ ਨਾਲ ਲਗਦੇ ਚਮੋਲੀ ਜ਼ਿਲ੍ਹੇ ਵਿੱਚ ਆਖਰੀ ਭਾਰਤੀ ਪਿੰਡ ਹੈ ਅਤੇ ਇਹ ਹਿਮਾਲਿਆ ’ਤੇ ਸਥਿਤ ਮਸ਼ਹੂਰ ਮੰਦਿਰ ਬਦਰੀਨਾਥ ਦੇ ਨੇੜੇ ਹੈ। ਉਤਰਾਖੰਡ ਵਣ ਵਿਭਾਗ ਦੀ ਖੋਜ ਸ਼ਾਖਾ ਨੇ ਮਾਨਾ ਪੰਚਾਇਤ ਵੱਲੋਂ ਦਿੱਤੀ ਗਈ ਤਿੰਨ ਏਕੜ ਤੋਂ ਵੱਧ ਜ਼ਮੀਨ ’ਤੇ ਪਾਰਕ ਦਾ ਵਿਕਾਸ ਕੀਤਾ।
ਮੁੱਖ ਵਣ ਅਧਿਕਾਰੀ (ਖੋਜ) ਸੰਜੀਵ ਚਤੁਰਵੇਦੀ ਨੇ ਦੱਸਿਆ ਕਿ ਹਰਬਲ ਪਾਰਕ ਵਿੱਚ ਹਿਮਾਲਿਆ ਖੇਤਰ ਦੀ ਉਚਾਈ ਵਾਲੇ ਅਲਪਾਈਨ ਖੇਤਰ ਦੀਆਂ ਕਰੀਬ 40 ਪਰਜਾਤੀਆਂ ਹਨ। ਇਨ੍ਹਾਂ ਵਿੱਚੋਂ ਕਈ ਪ੍ਰਜਾਤੀਆਂ ਖ਼ਤਰੇ ਵਿੱਚ ਹਨ। ਇਨ੍ਹਾਂ ਵਿੱਚ ਕਈ ਔਸ਼ਧੀ ਜੜ੍ਹੀ ਬੂਟੀਆਂ ਵੀ ਸ਼ਾਮਿਲ ਹਨ। ਇਸ ਵਿੱਚ ਪਹਿਲੇ ਵਰਗ ਵਿੱਚ ਬਦਰੀਨਾਥ (ਭਗਵਾਨ ਵਿਸ਼ਣੂ) ਨਾਲ ਜੁੜੀਆਂ ਪ੍ਰਜਾਤੀਆਂ ਬਦਰੀ ਤੁਲਸੀ, ਬਦਰੀ ਬੇਰ, ਬਦਰੀ ਰੁੱਖ ਅਤੇ ਪਵਿੱਤਰ ਦਰੱਖਤ ਭੋਜਪੱਤਰ ਸ਼ਾਮਲ ਹਨ। ਦੂਜਾ ਵਰਗ ਅਸ਼ਟਵੇਗਾ ਵਰਗ ਪ੍ਰਜਾਤੀਆਂ ਦਾ ਹੈ ਜੋ ਹਿਮਾਲਿਆ ਖੇਤਰ ਵਿੱਚ ਪਾਈਆਂ ਜਾਣ ਵਾਲੀਆਂ ਅੱਠ ਜੜ੍ਹੀਆਂ ਬੂਟੀਆਂ ਦਾ ਸਮੂਹ ਹੈ। ਤੀਜੇ ਵਰਗ ਵਿੱਚ ਹਿਮ ਕਮਲ ਦੀਆਂ ਪ੍ਰਜਾਤੀਆਂ ਸ਼ਾਮਲ ਹਨ ਅਤੇ ਇਸ ਵਿੱਚ ਬ੍ਰਹਮਾਕਮਲ ਵੀ ਸ਼ਾਮਲ ਹੈ, ਜੋ ਉਤਰਾਖੰਡ ਦਾ ਰਾਸ਼ਟਰੀ ਫੁੱਲ ਹੈ। ਚੌਥੇ ਵਰਗ ਵਿੱਚ ਅਤੀਸ਼, ਮਿੱਠਾਵੀਸ਼, ਵਣਕੱਕੜੀ ਅਤੇ ਚੋਰੂ ਸਣੇ ਅਲਪਾਈਨ ਪ੍ਰਜਾਤੀਆਂ ਹਨ ਅਤੇ ਇਹ ਸਾਰੀਆਂ ਮਹੱਤਵਪੂਰਨ ਜੜ੍ਹੀ ਬੂਟੀਆਂ ਹਨ ਅਤੇ ਇਨ੍ਹਾਂ ਦੀ ਬਹੁਤ ਲੋੜ ਰਹਿੰਦੀ ਹੈ। -ਪੀਟੀਆਈ