ਜੈਪੁਰ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀ ਤਰ੍ਹਾਂ ਨਹੀਂ ਮੰਨਦੀ ਤਾਂ ਇਕ ਵਾਰ ਮੁੜ ਅੰਦੋਲਨ ਖੜ੍ਹਾ ਹੋਵੇਗਾ। ਉਨ੍ਹਾਂ ਏਆਈਐਮਆਈਐਮ ਸੰਸਦ ਮੈਂਬਰ ਅਸਦੁਦੀਨ ਓਵੈਸੀ ਉਤੇ ਵੀ ਨਿਸ਼ਾਨਾ ਸੇਧਿਆ। ਰਾਕੇਸ਼ ਟਿਕੈਤ ਨੇ ਜੈਪੁਰ ਵਿਚ ਕਿਹਾ ਕਿਸਾਨ ਅੰਦੋਲਨ ਅਜੇ ਖ਼ਤਮ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਿਤੇ ਨਹੀਂ ਗਏ ਹਨ ਤੇ ਨਾ ਸਰਕਾਰ ਕਿਤੇ ਗਈ ਹੈ। ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕੋਈ ਚੋਣ ਨਹੀਂ ਲੜ ਰਿਹਾ ਹੈ ਤੇ ਉਹ ਰਾਜਨੀਤੀ ਵਿਚ ਸ਼ਾਮਲ ਨਹੀਂ ਹੋ ਰਹੇ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕਈ ਕਿਸਾਨ ਜਥੇਬੰਦੀਆਂ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਫਰੰਟ ਬਣਾਇਆ ਹੈ। ਟਿਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ ਖ਼ਤਮ ਨਹੀਂ ਹੋਇਆ ਹੈ। ਟਿਕੈਤ ਨੇ ਕਿਹਾ, ‘ਸੰਯੁਕਤ ਕਿਸਾਨ ਮੋਰਚਾ ਕੋਈ ਚੋਣ ਨਹੀਂ ਲੜ ਰਿਹਾ, ਕੁਝ ਲੋਕ ਚਾਰ ਮਹੀਨੇ ਲਈ ਛੁੱਟੀ ’ਤੇ ਗਏ ਹਨ, ਕੋਈ ਤਾਸ਼ ਖੇਡ ਰਿਹਾ ਹੈ, ਕੋਈ ਘੁੰਮ ਰਿਹਾ ਹੈ…ਅਸੀਂ ਕੀ ਕਰ ਸਕਦੇ ਹਾਂ? ਚਾਰ ਮਹੀਨਿਆਂ ਬਾਅਦ, ਅਸੀਂ ਦੇਖਾਂਗੇ ਕੌਣ ਗਿਆ ਹੈ ਤੇ ਕਿਸ ਨੇ ਕੀ ਕੀਤਾ ਹੈ।’ ਯੂਪੀ ਵਿਧਾਨ ਸਭਾ ਚੋਣਾਂ ਬਾਰੇ ਪੁੱਛੇ ਜਾਣ ’ਤੇ ਟਿਕੈਤ ਨੇ ਕਿਹਾ ਕਿ ਇਸ ਬਾਰੇ ਉਹ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਬੋਲਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸਾਨ ਯੂਪੀ ਵਿਚ ‘ਕਿੰਗ ਮੇਕਰ’ ਦੀ ਭੂਮਿਕਾ ਵਿਚ ਹੋਣਗੇ ਤੇ ਸਰਕਾਰ ਗਠਨ ਵਿਚ ਅਹਿਮ ਰੋਲ ਅਦਾ ਕਰਨਗੇ। ਪੰਜਾਬ ਵਿਚ ਕਿਸਾਨ ਜਥੇਬੰਦੀਆਂ ਦੇ ਸਿਆਸੀ ਫਰੰਟ ਬਾਰੇ ਪੁੱਛੇ ਜਾਣ ’ਤੇ ਟਿਕੈਤ ਨੇ ਕਿਹਾ ਕਿ 15 ਜਨਵਰੀ ਨੂੰ ਮੀਟਿੰਗ ਰੱਖੀ ਗਈ ਹੈ ਤੇ ਇਸ ਬਾਰੇ ਉਦੋਂ ਗੱਲ ਕਰਾਂਗੇ। ਬੀਕੇਯੂ ਆਗੂ ਨੇ ਨਾਲ ਹੀ ਦੋਸ਼ ਲਾਇਆ ਕਿ ਲਖੀਮਪੁਰ ਖੀਰੀ ਮਾਮਲੇ ਵਿਚ ਭਾਜਪਾ ਨੇ ਹਾਲੇ ਵੀ ਕਾਰਵਾਈ ਨਹੀਂ ਕੀਤੀ ਜਿਸ ਵਿਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਮੁੱਖ ਮੁਲਜ਼ਮ ਹੈ। -ਪੀਟੀਆਈ