ਨਵੀਂ ਦਿੱਲੀ: ਉੱਘੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੁਹਰਾਇਆ ਕਿ ਕਿਸਾਨਾਂ ਦੇ ਮੁੱਦਿਆਂ ’ਤੇ ਇਸ ਮਹੀਨੇ ਦੇ ਅੰਤ ਵਿੱਚ ਉਹ ਆਪਣੀ ਜ਼ਿੰਦਗੀ ਦੀ ‘ਆਖਰੀ ਭੁੱਖ ਹੜਤਾਲ’ ਕਰਨਗੇ। ਹਾਲਾਂਕਿ ਉਨ੍ਹਾਂ ਨੇ ਕੋਈ ਨਿਸ਼ਚਿਤ ਤਰੀਕ ਨਹੀਂ ਦੱਸੀ। ਜ਼ਿਕਰਯੋਗ ਹੈ ਕਿ ਅੰਨਾ ਹਜ਼ਾਰੇ ਨੇ ਲੰਘੇ ਵਰ੍ਹੇ 14 ਦਸੰਬਰ ਨੂੰ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਸਣੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਭੁੱਖ ਹੜਤਾਲ ਕਰਨਗੇ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਚ ਅੰਨਾ ਹਜ਼ਾਰੇ ਨੇ ਕਿਹਾ, ‘ਕਿਸਾਨਾਂ ਦੇ ਮੁੱਦੇ ’ਤੇ ਮੈਂ ਕੇਂਦਰ ਸਰਕਾਰ ਨੂੰ ਪੰਜ ਵਾਰ ਪੱਤਰ ਲਿਖ ਚੁੱਕਾ ਹਾਂ ਪਰ ਉਸ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਇਸ ਕਰਕੇ ਮੈਂ ਆਪਣੀ ਜ਼ਿੰਦਗੀ ਦੀ ਆਖਰੀ ਭੁੱਖ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ।’
-ਪੀਟੀਆਈ