ਗੁਹਾਟੀ, 28 ਜੂਨ
ਸ਼ਿਵ ਸੈਨਾ ਦੇ ਬਾਗੀ ਆਗੂ ਏਕਨਾਥ ਸ਼ਿੰਦੇ ਨੇ ਅੱਜ ਉਨ੍ਹਾਂ ਦੇ ਗਰੁੱਪ ਦੇ 20 ਵਿਧਾਇਕਾਂ ਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਦੇ ਸੰਪਰਕ ਵਿੱਚ ਹੋਣ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਮੁੰਬਈ ਪਰਤਣਗੇ। ਉਨ੍ਹਾਂ ਸ਼ਿਵ ਸੈਨਾ ਨੂੰ ਕਿਹਾ ਕਿ ਉਹ ਆਪਣੇ ਗਰੁੱਪ ਦੇ ਉਨ੍ਹਾਂ ਵਿਧਾਇਕਾਂ ਦੇ ਨਾਵਾਂ ਦਾ ਖੁਲਾਸਾ ਕਰੇ, ਜੋ ਕਥਿਤ ਤੌਰ ‘ਤੇ ਪਾਰਟੀ ਦੇ ਸੰਪਰਕ ਵਿੱਚ ਹਨ। ਸ਼ਿੰਦੇ ਅਤੇ ਉਨ੍ਹਾਂ ਦੇ ਸਮੂਹ ਦੇ ਵਿਧਾਇਕ ਹਫ਼ਤੇ ਤੋਂ ਇੱਥੇ ਲਗਜ਼ਰੀ ਹੋਟਲ ਵਿੱਚ ਹਨ। ਸ਼ਿੰਦੇ ਨੇ ਹੋਟਲ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ 50 ਵਿਧਾਇਕਾਂ ਦਾ ਸਮਰਥਨ ਹਾਸਲ ਹੈ।
ਇਸ ਦੌਰਾਨ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੇ ਗੁਹਾਟੀ ’ਚ ਡੇਰਾ ਲਾਈ ਬੈਠੇ ਆਪਣੀ ਪਾਰਟੀ ਦੇ ਬਾਗੀ ਵਿਧਾਇਕਾਂ ਨੂੰ ਮੁੰਬਈ ਪਰਤਣ ਅਤੇ ਉਨ੍ਹਾਂ ਨਾਲ ਗੱਲ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਠਾਕਰੇ ਦੇ ਸਹਿਯੋਗੀ ਨੇ ਕਿਹਾ, ‘ਹਾਲੇ ਵੀ ਦੇਰ ਨਹੀਂ ਹੋਈ ਹੈ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਵਾਪਸ ਆਓ ਅਤੇ ਮੇਰੇ ਨਾਲ ਬੈਠੋ ਅਤੇ ਸ਼ਿਵ ਸੈਨਿਕਾਂ ਅਤੇ ਜਨਤਾ ਦੇ ਵਿਚਕਾਰ ਪੈਦਾ ਹੋਏ ਭਰਮ ਨੂੰ ਦੂਰ ਕਰੋ। ਜੇ ਤੁਸੀਂ ਵਾਪਸ ਆ ਕੇ ਮੇਰੇ ਨਾਲ ਗੱਲ ਕਰੋਗੇ ਤਾਂ ਰਾਹ ਨਿਕਲ ਆਵੇਗਾ। ਪਾਰਟੀ ਪ੍ਰਧਾਨ ਅਤੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਅਜੇ ਵੀ ਤੁਹਾਡੀ ਪਰਵਾਹ ਕਰਦਾ ਹਾਂ।’