ਨਵੀਂ ਦਿੱਲੀ, 9 ਦਸੰਬਰ
ਕਿਸਾਨੀ ਸੰਕਟ ਦੇ ਛੇਤੀ ਹੱਲ ਹੋਣ ਦੀ ਆਸ ਕਰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਸਾਨ ਜਥੇਬੰਦੀਆਂ ਨਾਲ ਚੱਲ ਰਹੀ ਵਾਰਤਾ ਬਾਰੇ ਕਿਹਾ ਕਿ ‘ਕੰਮ ਜਾਰੀ ਹੈ।’ ਉਨ੍ਹਾਂ ਆਸ ਜਤਾਈ ਕਿ ਗੱਲਬਾਤ ਅੰਤਿਮ ਪੜਾਅ ’ਤੇ ਹੈ। ਕੇਂਦਰੀ ਮੰਤਰੀ ਨੇ ਅੱਜ ਕਿਹਾ ਕਿ ਮੋਦੀ ਸਰਕਾਰ ‘ਅਤਿ ਸੰਵੇਦਨਸ਼ੀਲ’ ਹੈ ਅਤੇ ਉਹ ਕਿਸਾਨ ਜਥੇਬੰਦੀਆਂ ਨਾਲ ਕਈ ਗੇੜ ਦੀ ਗੱਲਬਾਤ ਪਹਿਲਾਂ ਹੀ ਕਰ ਚੁੱਕੀ ਹੈ। ਕਿਸਾਨ ਅੰਦੋਲਨ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਸ੍ਰੀ ਜਾਵੜੇਕਰ ਨੇ ਕਿਹਾ ਕਿ ਅਜੇ ਕੁਝ ਹੋਰ ਸਮਾਂ ਉਡੀਕ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਬੁੱਧਵਾਰ ਨੂੰ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਜਾਰੀ ਰਹਿਣ ਦਾ ਲਿਖਤੀ ਭਰੋਸਾ ਕਿਸਾਨਾਂ ਨੂੰ ਭੇਜਿਆ ਹੈ। ਇਸ ਤੋਂ ਇਲਾਵਾ ਏਪੀਐੱਮਸੀ ’ਚ ਲੋੜੀਂਦੀਆਂ ਸੋਧਾਂ ਦੀ ਤਜਵੀਜ਼ ਵੀ ਭੇਜੀ ਗਈ ਹੈ। -ਪੀਟੀਆਈ