ਮੁੰਬਈ, 7 ਜਨਵਰੀ
ਬੰਬੇ ਹਾਈ ਕੋਰਟ ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਫਿਲਮ ‘ਐੱਮ ਐੱਸ ਧੋਨੀ: ਦਿ ਅਨਟੋਲਡ ਸਟੋਰੀ’ ’ਚ ਨਿਭਾਏ ਕਿਰਦਾਰ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਸ ਦੇ ਚਿਹਰੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਚੰਗਾ ਇਨਸਾਨ ਸੀ। ਸੁਸ਼ਾਂਤ ਦੀਆਂ ਭੈਣਾਂ ਪ੍ਰਿਯੰਕਾ ਸਿੰਘ ਅਤੇ ਮੀਤੂ ਸਿੰਘ ਵੱਲੋਂ ਦਾਖ਼ਲ ਪਟੀਸ਼ਨ ’ਤੇ ਫ਼ੈਸਲਾ ਰਾਖਵਾਂ ਰਖਦਿਆਂ ਜਸਟਿਸ ਐੱਸ ਐੱਸ ਸ਼ਿੰਦੇ ਅਤੇ ਐੱਮ ਐੱਸ ਕਾਰਨਿਕ ਦੇ ਬੈਂਚ ਨੇ ਇਹ ਟਿੱਪਣੀਆਂ ਕੀਤੀਆਂ। ਜਸਟਿਸ ਸ਼ਿੰਦੇ ਨੇ ਕਿਹਾ,‘‘ਮਾਮਲਾ ਕੁਝ ਵੀ ਹੋਵੇ, ਸੁਸ਼ਾਂਤ ਸਿੰਘ ਰਾਜਪੂਤ ਦੇ ਚਿਹਰੇ ਨੂੰ ਦੇਖ ਕੇ ਕੋਈ ਵੀ ਆਖ ਸਕਦਾ ਹੈ ਕਿ ਉਹ ਬੇਕਸੂਰ ਤੇ ਸਾਦਗੀ ਭਰਪੂਰ ਸੀ ਅਤੇ ਉਹ ਚੰਗਾ ਇਨਸਾਨ ਸੀ। ਹਰ ਕੋਈ ਉਸ ਨੂੰ ਪਸੰਦ ਕਰਦਾ ਸੀ ਖਾਸ ਕਰਕੇ ਐੱਮ ਐੱਸ ਧੋਨੀ ਫਿਲਮ ’ਚ ਨਿਭਾਏ ਗਏ ਕਿਰਦਾਰ ਲਈ।’’ ਸੁਸ਼ਾਂਤ ਦੀਆਂ ਭੈਣਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਦਲੀਲ ਦਿੱਤੀ ਕਿ ਆਨਲਾਈਨ ਕੰਸਲਟੇਸ਼ਨ ਮਗਰੋਂ ਡਾਕਟਰ ਨੂੰ ਦਵਾਈਆਂ ਲਿਖਣ ਦੀ ਇਜਾਜ਼ਤ ਹੁੰਦੀ ਹੈ ਅਤੇ ਸੁਸ਼ਾਂਤ ਕੋਵਿਡ-19 ਮਹਾਮਾਰੀ ਕਾਰਨ ਬਾਹਰ ਨਹੀਂ ਜਾ ਸਕਿਆ ਸੀ। ਇਸ ਲਈ ਡਾਕਟਰ ਨਾਲ ਆਨਲਾਈਨ ਸੰਪਰਕ ਕੀਤਾ ਗਿਆ ਸੀ। ਮੁੰਬਈ ਪੁਲੀਸ ਵੱਲੋਂ ਪੇਸ਼ ਹੋਏ ਵਕੀਲ ਦੇਵਦੱਤ ਕਾਮਤ ਨੇ ਦਾਅਵਾ ਕੀਤਾ ਕਿ ਇਸ ਮਾਮਲੇ ’ਚ ਕੋਈ ਆਨਲਾਈਨ ਸੰਪਰਕ ਨਹੀਂ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸੁਸ਼ਾਂਤ ਅਤੇ ਉਸ ਦੀ ਭੈਣ ਵਿਚਕਾਰ ਵਟਸਐਪ ’ਤੇ ਹੋਈ ਚੈਟ ਮੁਤਾਬਕ ਪ੍ਰਿਯੰਕਾ ਸਿੰਘ ਨੇ ਡਾਕਟਰ ਅਤੇ ਮਰੀਜ਼ ਵਿਚਕਾਰ ਕਿਸੇ ਗੱਲਬਾਤ ਤੋਂ ਬਿਨਾਂ ਹੀ ਦਵਾਈ ਲਿਖਵਾਈ ਸੀ। -ਪੀਟੀਆਈ