ਨਿੱਜੀ ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 21 ਫਰਵਰੀ
ਅੱਜ ਕੌਮਾਂਤਰੀ ਹੱਦ ਕੋਲ ਨੇੜਲੇ ਪਿੰਡ ਚੰਦੂ ਵਡਾਲਾ ਨੇੜੇ ਬੀਐੱਸਐੱਫ ਅਤੇ ਐੱਸਟੀਐੱਫ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਵੱਲੋਂ ਸੁੱਟੀ ਚਾਰ ਪੈਕੇਟ ਹੈਰੋਇਨ, ਇੱਕ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਹਨ।
ਬੀਐੱਸਐੱਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 89 ਬਟਾਲੀਅਨ ਦੇ ਜਵਾਨਾਂ ਅਤੇ ਐੱਸਟੀਐੱਫ ਦੇ ਜਵਾਨਾਂ ਵੱਲੋਂ ਸਾਂਝੇ ਤੌਰ ’ਤੇ ਕੰਡਿਆਲੀ ਤਾਰ ਨੇੜੇ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਤੇ ਪਿਸਤੌਲ ਬਰਾਮਦ ਹੋਇਆ।
ਐੱਸਟੀਐੱਫ ਦੇ ਅਧਿਕਾਰੀ ਵਰਿੰਦਰ ਅਤੇ ਬੀਐੱਸਐੱਫ ਦੇ ਡਿਪਟੀ ਕਮਾਂਡੈਂਟ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੰਡਿਆਲੀ ਤਾਰ ਨੇੜਿਓਂ ਚਾਰ ਪੈਕੇਟ ਹੈਰੋਇਨ, ਇੱਕ ਚੀਨੀ ਪਿਸਤੌਲ, ਇੱਕ ਮੈਗਜ਼ੀਨ ਅਤੇ 12 ਕਾਰਤੂਸ ਬਰਾਮਦ ਕੀਤੇ ਹਨ। ਖ਼ਬਰ ਲਿਖੇ ਜਾਣ ਤਕ ਸੁਰੱਖਿਆ ਜਵਾਨਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਸੀ।