ਕੇਵੜੀਆ/ਨਵੀਂ ਦਿੱਲੀ, 6 ਮਈ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਕੌਂਸਲ (ਸੀਸੀਐੱਚਐੱਫਡਬਲਿਊ) ਦੇ 14ਵੇਂ ਸੰਮੇਲਨ ’ਚ ਅੱਜ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਉਸ ਰਿਪੋਰਟ ਖ਼ਿਲਾਫ਼ ਮਤਾ ਪਾਸ ਕੀਤਾ ਗਿਆ ਹੈ ਜਿਸ ਵਿੱਚ ਭਾਰਤ ’ਚ ਕਰੋਨਾ ਮਹਾਮਾਰੀ ਕਾਰਨ 47 ਲੱਖ ਤੋਂ ਵੱਧ ਮੌਤਾਂ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੰਮੇਲਨ ਦੇ ਬੁਲਾਰਿਆਂ ਨੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਨੂੰ ਬੇਬੁਨਿਆਦ ਤੇ ਤੱਥ ਰਹਿਤ ਦੱਸਦਿਆਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਅਪੀਲ ਕੀਤੀ ਕਿ ਉਹ ਡਬਲਿਊਐੱਚਓ ਕੋਲ ਭਾਰਤ ਦਾ ਰੋਸ ਜ਼ਾਹਿਰ ਕਰਨ ਤੇ ਇਹ ਮੁੱਦਾ ਕੌਮਾਂਤਰੀ ਮੰਚਾਂ ’ਤੇ ਚੁੱਕਣ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਰਵਉੱਚ ਸਲਾਹਕਾਰ ਸੰਸਥਾ ਸੀਸੀਐੱਚਐੱਫਡਬਲਿਊ ਦਾ ਤਿੰਨ ਰੋਜ਼ਾ ਸੰਮੇਲਨ ਇੱਥੇ ਬੀਤੇ ਦਿਨ ਸ਼ੁਰੂ ਹੋਇਆ। ਇਸ ਦੀ ਪ੍ਰਧਾਨਗੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਕਰ ਰਹੇ ਹਨ। ਸੰਮੇਲਨ ’ਚ 20 ਦੇ ਕਰੀਬ ਸਿਹਤ ਮੰਤਰੀ ਤੇ ਕੁਝ ਰਾਜਾਂ ਦੇ ਨੁਮਾਇੰਦੇ ਭਾਗ ਲੈ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਡਬਲਿਊਐੱਚਓ ਵੱਲੋਂ ਗਣਿਤ ਮਾਡਲ ਦੇ ਆਧਾਰ ’ਤੇ ਮੌਤ ਦਰ ਦਾ ਅਨੁਮਾਨ ਲਾਉਣ ਲਈ ਅਪਣਾਈ ਗਈ ਕਾਰਜਪ੍ਰਣਾਲੀ ’ਤੇ ਲਗਾਤਾਰ ਇਤਰਾਜ਼ ਜਤਾਉਂਦਾ ਰਿਹਾ ਹੈ। ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਭਾਰਤ ਨੇ ਡਬਲਿਊਐਚਓ ਨੂੰ ਇਹ ਸੂਚਿਤ ਕੀਤਾ ਸੀ ਕਿ ਭਾਰਤ ਦੇ ਰਜਿਸਟਰਾਰ ਜਨਰਲ (ਆਰਜੀਆਈ) ਵੱਲੋਂ ਨਾਗਰਿਕ ਰਜਿਸਟਰੇਸ਼ਨ ਪ੍ਰਣਾਲੀ ਰਾਹੀਂ ਪ੍ਰਕਾਸ਼ਿਤ ਪ੍ਰਮਾਣਤ ਅੰਕੜਿਆਂ ਨੂੰ ਦੇਖਦਿਆਂ ਗਣਿਤ ਮਾਡਲ ਦੀ ਵਰਤੋਂ ਭਾਰਤ ਲਈ ਵਧੇਰੇ ਮੌਤਾਂ ਦੀ ਗਿਣਤੀ ਪੇਸ਼ ਕਰਨ ਲਈ ਨਹੀਂ ਕੀਤੀ ਜਾਣੀ ਚਾਹੀਦੀ। ਦੂਜੇ ਪਾਸੇ ਭਾਰਤ ਦੇ ਮੋਹਰੀ ਸਿਹਤ ਮਾਹਿਰਾਂ ਨੇ ਵੀ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ’ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ, ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀਕੇ ਪੌਲ, ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਤੇ ਐੱਨਟੀਏਜੀਆਈ ਦੇ ਕੋਵਿਡ-19 ਕਾਰਜਕਾਰੀ ਗਰੁੱਪ ਦੇ ਚੇਅਰਮੈਨ ਡਾ. ਐੱਨਕੇ ਅਰੋੜ ਨੇ ਡਬਲਿਊਐੱਚਓ ਦੀ ਰਿਪੋਰਟ ਨੂੰ ਖਾਰਜ ਕਰਦਿਆਂ ਇਸ ਨੂੰ ਗਲਤ ਕਰਾਰ ਦਿੱਤਾ ਹੈ। -ਪੀਟੀਆਈ