ਮਨਧੀਰ ਦਿਓਲ
ਨਵੀਂ ਦਿੱਲੀ, 10 ਅਕਤੂਬਰ
ਮੁੱਖ ਅੰਸ਼
- ਭਾਜਪਾ ਆਗੂਆਂ ਨੇ ਐਤਵਾਰ ਨੂੰ ਦਿਲਸ਼ਾਦ ਗਾਰਡਨ ਵਿੱਚ ਕੀਤੀਆਂ ਸਨ ਨਫ਼ਰਤੀ ਤਕਰੀਰਾਂ
- ਭਾਸ਼ਣ ਦੀ ਵੀਡੀਓ ਹੋਈ ਵਾਇਰਲ
ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਵਿੱਚ ਐਤਵਾਰ ਨੂੰ ਕਰਵਾਏ ਸਮਾਗਮ ਦੌਰਾਨ ਬੁਲਾਰਿਆਂ ਵੱਲੋਂ ਕੀਤੀਆਂ ਕਥਿਤ ਨਫ਼ਰਤੀ ਤਕਰੀਰਾਂ ਦੇ ਦੋਸ਼ ਵਿੱਚ ਪ੍ਰਬੰਧਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਸਮਾਗਮ ਵਿਸ਼ਵ ਹਿੰਦੂ ਪ੍ਰੀਸ਼ਦ ਸਮੇਤ ਕਈ ਹਿੰਦੂ ਸੰਗਠਨਾਂ ਵੱਲੋਂ ਕਰਵਾਇਆ ਗਿਆ ਸੀ। ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਐਤਵਾਰ ਨੂੰ ਉੱਤਰ-ਪੂਰਬੀ ਦਿੱਲੀ ਵਿੱਚ ਹਿੰਦੂ ਨੌਜਵਾਨ ਦੀ ਹੱਤਿਆ ਦੇ ਵਿਰੋਧ ਵਿੱਚ ਆਯੋਜਿਤ ਸਮਾਗਮ ਦੌਰਾਨ ਇੱਕ ਭਾਈਚਾਰੇ ਦੇ ਕਥਿਤ ਬਾਈਕਾਟ ਦਾ ਸੱਦਾ ਦੇਣ ਮਗਰੋਂ ਵਿਵਾਦਾਂ ਵਿੱਚ ਘਿਰ ਗਏ ਹਨ। ਡੀਸੀਪੀ (ਸ਼ਾਹਦਰਾ) ਆਰ ਸੱਤਿਆਸੁੰਦਰਮ ਨੇ ਕਿਹਾ ਕਿ ਪੁਲੀਸ ਤੋਂ ਇਜਾਜ਼ਤ ਨਾ ਲੈਣ ਲਈ ਆਈਪੀਸੀ ਧਾਰਾ 188 ਤਹਿਤ ਪ੍ਰਬੰਧਕਾਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਦਿੱਲੀ ਪੁਲੀਸ ਨੇ ਐਤਵਾਰ ਨੂੰ ਕਿਹਾ ਸੀ ਕਿ ਉਹ ਪੂਰਬੀ ਦਿੱਲੀ ਦੇ ਦਿਲਸ਼ਾਦ ਗਾਰਡਨ ਵਿੱਚ ਕਰਵਾਏ ਸਮਾਗਮ ਦੇ ਵੇਰਵੇ ਪ੍ਰਾਪਤ ਕਰ ਰਹੀ ਹੈ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਸਮਾਗਮ ਲਈ ਅਗਾਊਂ ਮਨਜ਼ੂਰੀ ਨਹੀਂ ਲਈ ਗਈ। ਸਮਾਗਮ ਦੀ ਵਾਇਰਲ ਹੋਈ ਵੀਡੀਓ ਵਿੱਚ ਸੰਸਦ ਮੈਂਬਰ ਪਰਵੇਸ਼ ਵਰਮਾ ਨੂੰ ਇਕ ਭਾਈਚਾਰੇ ਦੇ ਕਥਿਤ ਬਾਈਕਾਟ ਦੇ ਸੱਦੇ ਬਾਰੇ ਉਥੇ ਜੁੜੇ ਹਜੂਮ ਤੋਂ ਜਵਾਬ ਮੰਗਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਪਰਵੇਸ਼ ਵਰਮਾ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ‘ਅਸੀਂ ਉਨ੍ਹਾਂ ਦੀਆਂ ਦੁਕਾਨਾਂ ਤੋਂ ਕੁਝ ਨਹੀਂ ਖਰੀਦਾਂਗੇ ਤੇ ਨਾ ਹੀ ਉਨ੍ਹਾਂ ਨੂੰ ਕੋਈ ਮਜ਼ਦੂਰੀ ਦੇਵਾਂਗੇ। ਉਨ੍ਹਾਂ ਲਈ ਇਹੀ ਇਲਾਜ ਹੈ। ਜਿੱਥੇ ਵੀ ਤੁਸੀਂ ਉਨ੍ਹਾਂ ਨੂੰ ਲੱਭਦੇ ਹੋ, ਉਨ੍ਹਾਂ ਨੂੰ ਸਿੱਧਾ ਕਰਨ ਦਾ ਇੱਕ ਹੀ ਤਰੀਕਾ ਹੈ। ‘ਕੁੱਲ ਬਾਈਕਾਟ’ ਕੀ ਤੁਸੀਂ ਮੇਰੇ ਨਾਲ ਸਹਿਮਤ ਹੋ?’’ ਕਾਬਿਲੇਗੌਰ ਹੈ ਕਿ ਮਨੀਸ਼ (19) ਨਾਂ ਦੇ ਨੌਜਵਾਨ ਦੀ ਇਸ ਮਹੀਨੇ ਦੇ ਸ਼ੁਰੂ ਵਿੱਚ ਸੁੰਦਰ ਨਗਰੀ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਨੇ ਇਸ ਮਾਮਲੇ ਦੇ ਸਾਰੇ ਮੁਲਜ਼ਮਾਂ ਆਲਮ, ਬਿਲਾਲ ਤੇ ਫੈਜ਼ਾਨ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਨੌਜਵਾਨਾਂ ਦਾ ਕਤਲ ਕੀਤਾ ਹੈ।
ਵੀਐੱਚਪੀ ਵੱਲੋਂ ਪੁਲੀਸ ਦਾ ਦਾਅਵਾ ਹਾਸੋਹੀਣਾ ਕਰਾਰ
ਵੀਐੱਚਪੀ ਨੇ ਸਮਾਗਮ ਲਈ ਅਗਾਊਂ ਪ੍ਰਵਾਨਗੀ ਨਾ ਲਏ ਜਾਣ ਦੇ ਪੁਲੀਸ ਦੇ ਦਾਅਵਿਆਂ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ। ਵਿਨੋਦ ਬਾਂਸਲ ਨੇ ਕਿਹਾ ਕਿ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਜੁੜੇ ਸਨ ਤੇ ਸੁਰੱਖਿਆ ਪ੍ਰਬੰਧਾਂ ਲਈ ਉਥੇ ਪੁਲੀਸ ਵੀ ਤਾਇਨਾਤ ਸੀ। ਬਾਂਸਲ ਨੇ ਦਾਅਵਾ ਕੀਤਾ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਸੁਝਾਅ ਤੇ ਸਿਫ਼ਾਰਸ਼ ਤੋਂ ਬਾਅਦ ਦਿਲਸ਼ਾਦ ਗਾਰਡਨ ਦੇ ਰਾਮਲੀਲਾ ਮੈਦਾਨ ਵਿੱਚ ਸਥਾਨ ਨਿਰਧਾਰਿਤ ਕੀਤਾ ਗਿਆ। ਪਹਿਲਾਂ ਮਨੀਸ਼ ਦੇ ਘਰ ਨੇੜੇ ਇਕੱਠ ਕਰਨ ਦੀ ਯੋਜਨਾ ਬਣਾਈ ਗਈ ਸੀ, ਪਰ ਪੁਲੀਸ ਦੇ ਕਹਿਣ ’ਤੇ ਇਸ ਨੂੰ ਰਾਮਲੀਲਾ ਮੈਦਾਨ ਵਿੱਚ ਤਬਦੀਲ ਕਰ ਦਿੱਤਾ।