ਮੁੰਬਈ: ਬੰਬੇ ਹਾਈ ਕੋਰਟ ਨੇ ਅੱਜ ਇੱਕ 39 ਸਾਲਾ ਮਹਿਲਾ ਦੀ ਉਹ ਪਟੀਸ਼ਨ ਰੱਦ ਕਰ ਦਿੱਤੀ, ਜਿਸ ਵਿੱਚ ਉਸ ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਅਤੇ ਆਪਣੇ ਪਤੀ ’ਤੇ ਕੁੱਝ ਲੋਕਾਂ ਤੋਂ ਉਸ ਦਾ ਪਿੱਛਾ ਕਰਵਾਉਣ ਅਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਮੁੰਬਈ ਵਾਸੀ ਮਹਿਲਾ ਨੇ ਪਟੀਸ਼ਨ ’ਚ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਅਦਾਲਤ ਪੁਲੀਸ ਨੂੰ 2013 ਅਤੇ 2018 ’ਚ ਉਸ ਵੱਲੋਂ ਅਣਪਛਾਤੇ ਲੋਕਾਂ ਖ਼ਿਲਾਫ਼ ਦਰਜ ਕਰਵਾਈਆਂ ਤਿੰਨ ਸ਼ਿਕਾਇਤਾਂ ਦੀ ਜਾਂਚ ਕਰਨ ਦਾ ਨਿਰਦੇਸ਼ ਦੇਵੇ ਅਤੇ ਸ਼ਹਿਰ ਦੇ ਜ਼ੋਨ-8 ਦੇ ਡੀਸੀਪੀ ਖ਼ਿਲਾਫ਼ ਕਾਰਵਾਈ ਕਰੇ। ਜਸਟਿਸ ਐੱਸ.ਐੱਸ. ਸਿੰਦੇ ਅਤੇ ਜਸਟਿਸ ਐੱਨ.ਜੇ. ਜਾਮਦਾਰ ਦੇ ਬੈਂਚ ਨੇ ਮਹਿਲਾ ਦੀ ਪਟੀਸ਼ਨ ’ਤੇ 22 ਜੁਲਾਈ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਅੱਜ ਬੈਂਚ ਨੇ ਪਟੀਸ਼ਨਕਰਤਾ ਨੂੰ ਦੋ ਮਾਮਲਿਆਂ ’ਚ ਪੁਲੀਸ ਵੱਲੋਂ ਦਾਇਰ ‘ਏ ਸਮਰੀ’ ਰਿਪੋਰਟ (ਅਜਿਹੀ ਰਿਪੋਰਟ ਜਿਸ ਵਿੱਚ ਪੁਲੀਸ ਨੇ ਜਾਂਚ ਬੰਦ ਕਰ ਦਿੱਤੀ ਹੋਵੇ) ਅਤੇ ਤੀਜੀ ਸ਼ਿਕਾਇਤ ’ਚ ਇੱਕ ਦੋਸ਼ ਪੱਤਰ ਨਾਲ ਸਬੰਧਤ ਆਪਣੀ ਸ਼ਿਕਾਇਤ ਨੂੰ ‘ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨ ਅਤੇ ਢੁੱਕਵੀਂ ਹੇਠਲੀ ਅਦਾਲਤ’ ਕੋਲ ਪਹੁੰਚ ਕਰਨ ਲਈ ਕਿਹਾ ਹੈ। ਪਟੀਸ਼ਨਕਰਤਾ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਦਾ ਪਿੱਛਾ ਕਰਨ ਅਤੇ ਪ੍ਰੇਸ਼ਾਨ ਕਰਨ ਵਾਲੇ ਲੋਕਾਂ ਨੇ ਸੰਜੇ ਰਾਊਤ ਦੀ ਮਿਲੀਭੁਗਤ ਨਾਲ ਅਜਿਹਾ ਕੀਤਾ ਸੀ। -ਪੀਟੀਆਈ