ਨਵੀਂ ਦਿੱਲੀ, 23 ਮਈ
ਵਾਰਾਨਸੀ ਵਿੱਚ ਗਿਆਨਵਾਪੀ ਮਸਜਿਦ ਦੀ ਬਾਹਰੀ ਕੰਧ ’ਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਅਤੇ ਦਰਸ਼ਨ ਦਾ ਅਧਿਕਾਰ ਦਿੱਤੇ ਜਾਣ ਦੀ ਅਪੀਲ ਕਰਦੇ ਹੋਏ ਵਾਰਾਨਸੀ ਅਦਾਲਤ ਵਿੱਚ ਸਿਵਲ ਕੇਸ ਦਾਇਰ ਕਰਨ ਵਾਲੀ ਹਿੰਦੂ ਮਹਿਲਾ ਪਟੀਸ਼ਨਰਾਂ ਨੇ ਇਸ ਨੂੰ ਵਕਫ਼ ਦੀ ਜਾਇਦਾਦ ਐਲਾਨਣ ਸਬੰਧੀ 1936 ਦੇ ਕੇਸ ਵਿੱਚ ਬਰਤਾਨਵੀ ਸਰਕਾਰ ਵੱਲੋਂ ਅਪਣਾਏ ਰੁਖ਼ ਦਾ ਜ਼ਿਕਰ ਕੀਤਾ ਹੈ। ਵਕੀਲ ਵਿਸ਼ਨੂ ਸ਼ੰਕਰ ਜੈਨ ਰਾਹੀਂ ਦਾਖ਼ਲ ਹਲਫ਼ਨਾਮੇ ਵਿੱਚ ਪੰਜ ਵਿੱਚੋਂ ਤਿੰਨ ਮਹਿਲਾ ਸ਼ਰਧਾਲੂਆਂ ਨੇ ਕਿਹਾ ਕਿ 1936 ਵਿੱਚ ਦੀਨ ਮੁਹੰਮਦ ਨਾਂ ਦੇ ਵਿਅਕਤੀ ਨੇ ਹਿੰਦੂ ਭਾਈਚਾਰੇ ਦੇ ਕਿਸੇ ਵੀ ਮੈਂਬਰ ’ਤੇ ਦੋਸ਼ ਲਾਏ ਬਿਨਾਂ ਸਿਵਲ ਕੇਸ ਦਰਜ ਕੀਤਾ ਸੀ। ਉਸ ਨੇ ਜ਼ਿਲ੍ਹਾ ਮੈਜਿਸਟਰੇਟ, ਬਨਾਰਸ ਅਤੇ ਅੰਜੁਮਨ ਇੰਤਜ਼ਾਮੀਆ ਮਸਜਿਦ, ਬਨਾਰਸ ਰਾਹੀਂ ਸਿਰਫ਼ ਭਾਰਤ ਦੇ ਰਾਜ ਸਕੱਤਰ ਖਿਲਾਫ਼ ਦੋਸ਼ ਦਾਖ਼ਲ ਕਰਕੇ ਇਹ ਐਲਾਨ ਕਰਨ ਦੀ ਬੇਨਤੀ ਕੀਤੀ ਸੀ ਕਿ ਚਾਰੋਂ ਤਰਫ਼ ਦੀ ਵਾੜ ਸਮੇਤ ਸ਼ਹਿਰ ਵਿੱਚ ਸਥਿਤ ਜ਼ਮੀਨ (ਇਕ ਬਿੱਘਾ 9 ਬਿਸਵੇ ਤੇ 6 ਧੁਰ) ਵਕਫ਼ ਦੀ ਹੈ, ਜਿਸ ’ਤੇ ਵਾਦੀ (ਮੁਹੰਮਦ) ਦਾ ਕਬਜ਼ਾ ਹੈ। ਇਹ ਹਲਫ਼ਨਾਮਾ ਵਾਰਾਨਾਸੀ ਵਿੱਚ ਗਿਆਨਵਾਪੀ ਮਸਜਿਦ ਦਾ ਪ੍ਰਬੰਧ ਵੇਖਦੀ ਕਮੇਟੀ ਅੰਜੁਮਨ ਇੰਤਜ਼ਾਮੀਆ ਮਸਜਿਦ ਵੱਲੋਂ ਦਾਇਰ ਪਟੀਸ਼ਨ ਦੇ ਜਵਾਬ ਵਿੱਚ ਦਾਖਲ ਕੀਤਾ ਗਿਆ ਹੈ, ਜਿਸ ਵਿੱਚ ਮਸਜਿਦ ਦੇ ਹਾਲੀਆ ਸਰਵੇਖਣ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ। ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ 1936 ਦਾ ਕੇਸ ਕਹਿੰਦਾ ਹੈ ਕਿ ਮੁਸਲਮਾਨਾਂ ਨੂੰ ਵਿਸ਼ੇਸ਼ ਰੂਪ ਵਿੱਚ ‘ਅਲਵਿਦਾ’ ਨਮਾਜ਼ ਪੜ੍ਹਨ ਅਤੇ ਲੋੜ ਪੈਣ ’ਤੇ ਹੋਰਨਾਂ ਧਾਰਮਿਕ ਤੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਨ ਦਾ ਅਧਿਕਾਰ ਹੈ। -ਪੀਟੀਆਈ