ਮੁੰਬਈ, 19 ਜੁਲਾਈ
ਐਲਗਾਰ-ਪ੍ਰੀਸ਼ਦ-ਮਾਓਵਾਦੀ ਸਬੰਧ ਮਾਮਲੇ ਵਿੱਚ ਮਰਹੂਮ ਪਾਦਰੀ ਸਟੈਨ ਸਵਾਮੀ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਬੰਬੇ ਹਾਈ ਕੋਰਟ ਨੇ ਅੱਜ ਕਿਹਾ ਕਿ ਉਹ ਸ਼ਾਨਦਾਰ ਵਿਅਕਤੀ ਸਨ ਅਤੇ ਅਦਾਲਤ ਨੂੰ ਉਨ੍ਹਾਂ ਦੇ ਕਾਰਜਾਂ ਪ੍ਰਤੀ ਬਹੁਤ ਸਤਿਕਾਰ ਹੈ। ਜਸਟਿਸ ਐੱਸਐੱਸ ਸ਼ਿੰਦੇ ਅਤੇ ਜਸਟਿਸ ਐੱਨ ਜੇ ਜਾਮਦਾਰ ਦੀ ਬੈਂਚ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ 84 ਸਾਲ ਦੇ ਸਵਾਮੀ ਦਾ ਇੱਥੇ ਏਕੇ ਹੋਲੀ ਫੈਮਿਲੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਇਸ ਬੈਂਚ ਨੇ ਪੰਜ ਜੁਲਾਈ ਨੂੰ ਸਵਾਮੀ ਦੀ ਮੈਡੀਕਲ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕੀਤੀ ਸੀ। ਜਸਟਿਸ ਸ਼ਿੰਦੇ ਨੇ ਕਿਹਾ, ‘‘ਆਮ ਤੌਰ ’ਤੇ ਸਾਡੇ ਕੋਲ ਸਮਾਂ ਨਹੀਂ ਹੁੰਦਾ, ਪਰ ਮੈਂ (ਸਵਾਮੀ ਦੀਆਂ) ਅੰਤਿਮ ਰਸਮਾਂ ਦੇਖੀਆਂ ਹਨ। ਇਹ ਬਹੁਤ ਸਨਮਾਨਜਨਕ ਸਨ।’’ ਉਨ੍ਹਾਂ ਕਿਹਾ, ‘‘ਕਾਫ਼ੀ ਸ਼ਾਨਦਾਰ ਵਿਅਕਤੀ ਸਨ। ਉਨ੍ਹਾਂ ਨੇ ਸਮਾਜ ਲਈ ਕੰਮ ਕੀਤਾ ਸੀ। ਉਨ੍ਹਾਂ ਦੇ ਕਾਰਜਾਂ ਪ੍ਰਤੀ ਬਹੁਤ ਸਤਿਕਾਰ ਹੈ। ਕਾਨੂੰਨਨ, ਉਨ੍ਹਾਂ ਖ਼ਿਲਾਫ਼ ਜੋ ਵੀ ਹੈ, ਉਹ ਵੱਖਰਾ ਮਾਮਲਾ ਹੈ।’’ ਬੈਂਚ ਨੇ ਸਵਾਮੀ ਦੇ ਦੇਹਾਂਤ ਮਗਰੋਂ ਕੌਮੀ ਜਾਂਚ ਏਜੰਸੀ (ਐੱਨਆਈਏ) ਅਤੇ ਅਦਾਲਤ ਦੀਆਂ ਹੋਈਆਂ ਆਲੋਚਨਾਵਾਂ ਦਾ ਵੀ ਜ਼ਿਕਰ ਕੀਤਾ। ਇਸ ਨੇ ਦੁੱਖ ਜ਼ਾਹਿਰ ਕੀਤਾ ਕਿ ਕਿਸ ਤਰ੍ਹਾਂ ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਵਿਚਾਰ ਅਧੀਨ ਕੈਦੀ ਸੁਣਵਾਈ ਸ਼ੁਰੂ ਹੋਣ ਦੀ ਉਡੀਕ ਕਰਦੇ ਰਹਿੰਦੇ ਹਨ। ਹਾਲਾਂਕਿ, ਬੈਂਚ ਨੇ ਕਿਹਾ ਕਿ ਉਸ ਨੇ ਸਵਾਮੀ ਦੀ ਮੈਡੀਕਲ ਜ਼ਮਾਨਤ ਪਟੀਸ਼ਨ ’ਤੇ ਨਿਰਪੱਖ ਸੁਣਵਾਈ ਯਕੀਨੀ ਬਣਾਈ ਸੀ। -ਪੀਟੀਆਈ