ਨਵੀਂ ਦਿੱਲੀ: ਕਾਂਗਰਸ ਨੇ ਅੱਜ ਚੀਨ ਵੱਲੋਂ ਸਾਰੀ ਗਲਵਾਨ ਘਾਟੀ ’ਤੇ ਕੀਤੇ ਦਾਅਵੇ ਸਬੰਧੀ ਕੇਂਦਰ ਨੂੰ ਜਲਦੀ ਸਥਿਤੀ ਸਪੱਸ਼ਟ ਕਰਨ ਲਈ ਆਖਦਿਆਂ ਕਿਹਾ ਕਿ ਪੇਈਚਿੰਗ ਦੇ ਦਾਅਵੇ ਨੂੰ ਖਾਰਜ ਕਰਨ ਵਿੱਚ ਜ਼ਰਾ ਜਿੰਨੀ ਵੀ ਦੇਰੀ ਨਾਲ ਘਟਨਾਕ੍ਰਮ ਹੋਰ ਗੰਭੀਰ ਹੋ ਸਕਦਾ ਹੈ। ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਕਿ ‘ਕੋਈ ਵੀ ਭਾਰਤੀ ਖੇਤਰ ’ਚ ਨਹੀਂ ਹੈ ਅਤੇ ਨਾ ਹੀ ਕਿਸੇ ਨੇ ਇਸਦੀ ਕਿਸੇ ਚੌਕੀ ’ਤੇ ਕਬਜ਼ਾ ਕੀਤਾ ਹੈ’, ਨਾਲ ਹਰ ਕੋਈ ਹੈਰਾਨ ਹੈ। ਉਨ੍ਹਾਂ ਸਵਾਲ ਕੀਤਾ, ‘ਜੇਕਰ ਪ੍ਰਧਾਨ ਮੰਤਰੀ ਸੱਚ ਕਹਿ ਰਹੇ ਹਨ ਤਾਂ 20 ਭਾਰਤੀ ਜਵਾਨਾਂ ਦੀ ਜਾਨ ਕਿਉਂ ਗਈ? ਸ੍ਰੀ ਚਿਦੰਬਰਮ ਨੇ ਕਿਹਾ, ‘ਇਸ ਦਾਅਵੇ ਬਾਰੇ ਸਰਕਾਰ ਦਾ ਕੀ ਜਵਾਬ ਹੈ? ਹੁਣ ਚੀਨ ਸਾਰੀ ਗਲਵਾਨ ਘਾਟੀ ’ਤੇ ਦਾਅਵਾ ਕਰ ਰਿਹਾ ਹੈ। ਕੀ ਭਾਰਤ ਸਰਕਾਰ ਇਸ ਦਾਅਵੇ ਨੂੰ ਖਾਰਜ ਕਰੇਗੀ?’ -ਪੀਟੀਆਈ