ਨਵੀਂ ਦਿੱਲੀ, 20 ਸਤੰਬਰ
ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਨਵੀਆਂ ਖੇਤੀ ਤਕਨੀਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਨਾਲ ਖੇਤੀ ਲਾਗਤ ਘੱਟ ਕਰਨ, ਉਤਪਾਦਨ ਵਧਾਉਣ ਤੇ ਕਿਸਾਨਾਂ ਨੂੰ ਫਸਲਾਂ ਦੇ ਬਿਹਤਰ ਭਾਅ ਯਕੀਨੀ ਬਣਾਉਣ ’ਚ ਮਦਦ ਮਿਲੇਗੀ। ਉਹ ਇੱਥੇ ਫਿੱਕੀ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵੱਖ ਵੱਖ ਖੇਤੀਬਾੜੀ ਤਕਨੀਕਾਂ ਦੀ ਵਰਤੋਂ ਨਾਲ 2025 ਦੀ ਖੁਰਾਕ ਮੰਗ ਪੂਰੀ ਕਰਨ ਲਈ ਲੋੜੀਂਦਾ ਉਤਪਾਦਨ ਪੱਧਰ ਹਾਸਲ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਨੂੰ ਖੇਤੀ ਦੇ ਘੱਟਦੇ ਰਕਬੇ ਤੇ ਕੁਦਰਤੀ ਆਫ਼ਤਾਂ ਜਿਹੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਇਸ ਨਾਲ ਨਜਿੱਠਣ ਲਈ ਤੁਪਕਾ ਸਿੰਜਾਈ, ਜੈਵਿਕ ਤੇ ਕੁਦਰਤੀ ਖੇਤੀ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। -ਪੀਟੀਆਈ