ਮੁੰਬਈ, 24 ਅਕਤੂਬਰ
ਐਲਗਾਰ ਪ੍ਰੀਸ਼ਦ-ਮਾਓਵਾਦੀ ਸਬੰਧਾਂ ਦੇ ਮਾਮਲੇ ’ਚ ਗ੍ਰਿਫ਼ਤਾਰ ਸਮਾਜਿਕ ਕਾਰਕੁਨ ਗੌਤਮ ਨਵਲੱਖਾ ਨੂੰ ਨਵੀ ਮੁੰਬਈ ਸਥਿਤ ਤਲੋਜਾ ਜੇਲ੍ਹ ਦੇ ‘ਅੰਡਾ ਸੈੱਲ’ (ਉੱਚ ਸੁਰੱਖਿਆ ਬੈਰਕ) ਭੇਜ ਦਿੱਤਾ ਗਿਆ ਹੈ। ਨਵਲੱਖਾ ਦੀ ਸਾਥੀ ਸਾਹਿਬਾ ਹੁਸੈਨ ਨੇ ਅੱਜ ਇਹ ਗੱਲ ਕਹੀ ਤੇ ਦਾਅਵਾ ਕੀਤਾ ਕਿ ਇਸ ਕਾਰਨ 70 ਸਾਲ ਨਵਲੱਖਾ ਦੀ ਪਹਿਲਾਂ ਤੋਂ ਹੀ ਖਰਾਬ ਸਿਹਤ ਹੋਰ ਵਿਗੜ ਗਈ ਹੈ। ਹੁਸੈਨ ਨੇ ਦਾਅਵਾ ਕੀਤਾ ਕਿ ਨਵਲੱਖਾ ਨੂੰ 12 ਅਕਤੂਬਰ ਨੂੰ ਆਮ ਬੈਰਕ ਤੋਂ ਅੰਡਾ ਸਰਕਲ ’ਚ ਤਬਦੀਲ ਕਰ ਦਿੱਤਾ ਗਿਆ ਸੀ। ਹੁਸੈਨ ਨੇ ਪੁੱਛਿਆ, ‘ਨਵਲੱਖਾ ਨੂੰ ਉਨ੍ਹਾਂ ਦੇ ਵਿਚਾਰਾਂ ਲਈ ਕਦੋਂ ਤੱਕ ਸਤਾਇਆ ਜਾਵੇਗਾ ਅਤੇ ਅਧਿਕਾਰੀ ਉਨ੍ਹਾਂ ਦੀ ਵਿਚਾਰਧਾਰਾ ਤੋੜਨ ਲਈ ਕਦੋਂ ਤੱਕ ਇਸ ਹੱਦ ਤੱਕ ਜਾਣਗੇ।’ ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ ਐਲਗਾਰ ਪ੍ਰੀਸ਼ਦ ਮਾਮਲੇ ਦੇ ਦੋਸ਼ੀਆਂ ਨੂੰ ਜੇਲ੍ਹ ’ਚ ਛੋਟੀਆਂ ਤੇ ਬੁਨਿਆਦੀ ਲੋੜਾਂ ਲਈ ਅਪਮਾਨ ਸਹਿਣਾ ਪੈਂਦਾ ਹੈ। ਹੁਸੈਨ ਨੇ ਕਿਹਾ, ‘ਅੰਡਾ ਸਰਕਲ ’ਚ ਉਹ ਜੇਲ੍ਹ ਦੇ ਹਰਿਆਲੀ ਵਾਲੇ ਖੇਤਰ ’ਚ ਸੈਰ ਕਰਨ ਤੇ ਤਾਜ਼ੀ ਹਵਾ ਤੋਂ ਵਾਂਝੇ ਹਨ ਅਤੇ ਉਨ੍ਹਾਂ ਦੀ ਸਿਹਤ ਹੋਰ ਖਰਾਬ ਹੋ ਗਈ ਹੈ। ਇਸ ਸਮੇਂ ਉਨ੍ਹਾਂ ਨੂੰ ਵਿਸ਼ੇਸ਼ ਸੰਭਾਲ ਦੀ ਲੋੜ ਹੈ।’ -ਪੀਟੀਆਈ