ਜੰਮੂ/ਸ੍ਰੀਨਗਰ, 18 ਮਈ
ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਵਿੱਚ ਲੰਘੇ ਦਿਨ ਸ਼ਰਾਬ ਦੇ ਠੇਕੇ ’ਤੇ ਗ੍ਰੇਨੇਡ ਹਮਲੇ ਵਿੱਚ ਮਾਰੇ ਗਏ ਰਣਜੀਤ ਸਿੰਘ ਦਾ ਅੱਜ ਇਥੇ ਰੋਸ ਪ੍ਰਦਰਸ਼ਨਾਂ ਦਰਮਿਆਨ ਰਾਜੌਰੀ ਵਿੱਚ ਉਸ ਦੇ ਜੱਦੀ ਪਿੰਡ ’ਚ ਸਸਕਾਰ ਕਰ ਦਿੱਤਾ ਗਿਆ। ਬੁਰਕਾ ਪਾਈ ਦਹਿਸ਼ਤਗਰਦ ਨੇ ਮੰਗਲਵਾਰ ਰਾਤ ਨੂੰ ਬਾਰਾਮੁੱਲਾ ਵਿੱਚ ਨਵੇਂ ਖੁੱਲ੍ਹੇ ਸ਼ਰਾਬ ਦੇ ਠੇਕੇ ਵਿੱਚ ਛੋਟੀ ਜਿਹੀ ਤਾਕੀ ਰਾਹੀਂ ਗ੍ਰੇਨੇਡ ਸੁੱਟਿਆ ਸੀ। ਧਮਾਕੇ ਵਿੱਚ ਸਿੰਘ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ ਤਿੰਨ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਪੀੜਤ ਪਰਿਵਾਰ ਨੇ ਉਸ ਦੀ ਦੇਹ ਨੂੰ ਅੱਜ ਇਥੇ ਹਾਈਵੇਅ ’ਤੇ ਰੱਖ ਕੇ ਸੜਕ ਜਾਮ ਕੀਤੀ ਤੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਦਹਿਸ਼ਤਗਰਦਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਲ੍ਹੇ ਦੇ ਅਧਿਕਾਰੀਆਂ ਦੇ ਦਖ਼ਲ ਮਗਰੋਂ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਗ੍ਰੇਨੇਡ ਹਮਲੇ ਦੀ ਨਿਖੇਧੀ ਕਰਦਿਆਂ ਸਾਜ਼ਿਸ਼ਘਾੜਿਆਂ ਨੂੰ ਸਜ਼ਾਵਾਂ ਦਿਵਾਉਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਕਸ਼ਮੀਰ ਦੇ ਡਿਵੀਜ਼ਨ ਪ੍ਰਸ਼ਾਸਨ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਾਦੀ ਵਿੱਚ ਤਾਇਨਾਤ ਕਸ਼ਮੀਰੀ ਪੰਡਿਤ ਮੁਲਾਜ਼ਮਾਂ, ਜਿਨ੍ਹਾਂ ਨੂੰ ਦੂਰ-ਦੁਰਾਡੇ ਕਸਬਿਆਂ ਤੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਆਉਣਾ ਜਾਣਾ ਪੈਂਦਾ ਹੈ ਦੀ ਸੁਰੱਖਿਆ ਤੇ ਸਲਾਮਤੀ ਨੂੰ ਯਕੀਨੀ ਬਣਾਉਂਦਿਆਂ ਉਨ੍ਹਾਂ ਦੀਆਂ ਪੋੋਸਟਿੰਗਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਕੰਮ ਕਰੇ। -ਪੀਟੀਆਈ