ਮੁੱਖ ਅੰਸ਼
- ‘ਸਪਾ’ ਮੁਖੀ ਨੇ ਤੀਜੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਕੀਤਾ ਵਾਅਦਾ
- ਭਾਜਪਾ ਸਰਕਾਰ ’ਤੇ ਰਾਸ਼ਨ ਸਕੀਮ ਲਈ ਫੰਡ ਨਾ ਰੱਖਣ ਦਾ ਦੋਸ਼
ਬਰੇਲੀ, 15 ਫਰਵਰੀ
ਸਪਾ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਗਰੀਬ ਵਰਗ ਨੂੰ ਪੰਜ ਸਾਲਾਂ ਲਈ ਮੁਫ਼ਤ ਰਾਸ਼ਨ ਦੇ ਨਾਲ-ਨਾਲ ਕਿਲੋ ਘਿਉ ਵੀ ਦਿੱਤਾ ਜਾਵੇਗਾ। ਯਾਦਵ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਸੂਬੇ ਵਿਚ ਮੁਫ਼ਤ ਰਾਸ਼ਨ ਸਕੀਮ ਬੰਦ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਰਾਸ਼ਨ ਮਿਲ ਰਿਹਾ ਹੈ, ਉਨ੍ਹਾਂ ਨੂੰ ਇਹ ਸਿਰਫ਼ ਚੋਣਾਂ ਤੱਕ ਹੀ ਮਿਲੇਗਾ। ਚੋਣਾਂ ਤੋਂ ਬਾਅਦ ਇਹ ਨਹੀਂ ਮਿਲੇਗਾ। ਅਖਿਲੇਸ਼ ਨੇ ਕਿਹਾ ਕਿ ਪਹਿਲਾਂ ਇਹ ਨਵੰਬਰ ਤੱਕ ਦਿੱਤਾ ਜਾਣਾ ਸੀ ਪਰ ਜਦ ਯੂਪੀ ਚੋਣਾਂ ਦਾ ਐਲਾਨ ਹੋਇਆ ਤਾਂ ਸਰਕਾਰ ਨੇ ਕਿਹਾ ਕਿ ਇਹ ਮਾਰਚ ਤੱਕ ਦਿੱਤਾ ਜਾਵੇਗਾ। ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਪਾ ਮੁਖੀ ਨੇ ਕਿਹਾ ਕਿ ਰਾਸ਼ਨ ਲਈ ਫੰਡ ਇਸ ਵਾਰ ਬਜਟ ਵਿਚ ਨਹੀਂ ਰੱਖੇ ਗਏ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਚੋਣਾਂ ਮਾਰਚ ਤੱਕ ਹੀ ਹਨ। ਅਖਿਲੇਸ਼ ਨੇ ਕਿਹਾ ਕਿ ਪਹਿਲਾਂ ਵੀ ਸਮਾਜਵਾਦੀ ਰਾਸ਼ਨ ਦਿੰਦੇ ਰਹੇ ਹਨ। ਜਦੋਂ ਵੀ ਸਪਾ ਦੀ ਸਰਕਾਰ ਹੋਵੇਗੀ ਰਾਸ਼ਨ ਦਿੱਤਾ ਜਾਵੇਗਾ। ਇਸ ਦੇ ਨਾਲ ਸਮਾਜਵਾਦੀ ਪਾਰਟੀ ਸਰ੍ਹੋਂ ਦਾ ਤੇਲ , ਦੋ ਸਿਲੰਡਰ ਵੀ ਸਾਲ ਵਿਚ ਦੇਵੇਗੀ। ਇਸ ਤੋਂ ਇਲਾਵਾ ਹੁਣ ਇਕ ਕਿਲੋ ਘਿਉ ਵੀ ਦਿੱਤਾ ਜਾਵੇਗਾ। ਅਖਿਲੇਸ਼ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਜਿਹੜਾ ਰਾਸ਼ਨ ਦਿੱਤਾ ਜਾ ਰਿਹਾ ਸੀ, ਉਸ ਦੀ ਗੁਣਵੱਤਾ ਬਹੁਤ ਮਾੜੀ ਸੀ, ਲੂਣ ਵਿਚ ਕੱਚ ਵੀ ਮਿਲਿਆ ਸੀ। ਅਖਿਲੇਸ਼ ਨੇ ਸਵਾਲ ਕੀਤਾ ਕਿ ਕੀ ਲੂਣ ਗੁਜਰਾਤ ਤੋਂ ਨਹੀਂ ਆ ਰਿਹਾ। ਯਾਦਵ ਨੇ ਕਿਹਾ ਕਿ ਯੂਪੀ ਵਿਚ 11 ਲੱਖ ਸਰਕਾਰੀ ਅਸਾਮੀਆਂ ਖਾਲੀ ਪਈਆਂ ਹਨ ਤੇ ਸਮਾਜਵਾਦੀ ਪਾਰਟੀ ਸਰਕਾਰ ਬਣਨ ਉਤੇ ਇਨ੍ਹਾਂ ਨੂੰ ਭਰੇਗੀ। ਅਖਿਲੇਸ਼ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਪਿੰਡਾਂ ਵਿਚ ਲੋਕ ਖਾਲੀ ਸਿਲੰਡਰ ਦਿਖਾ ਰਹੇ ਹਨ ਤੇ ਉਨ੍ਹਾਂ ਪ੍ਰਚਾਰ ਬੰਦ ਕਰ ਦਿੱਤਾ ਹੈ। -ਪੀਟੀਆਈ
ਗੋਲੀ ਮਾਰ ਕੇ ਸਮਾਜਵਾਦੀ ਪਾਰਟੀ ਦੇ ਬੂਥ ਏਜੰਟ ਦੀ ਹੱਤਿਆ
ਸ਼ਾਹਜਹਾਂਪੁਰ: ਸ਼ਾਹਜਹਾਂਪੁਰ ਜ਼ਿਲ੍ਹੇ ਦੇ ਤਿਲਹਰ ਚੋਣ ਹਲਕੇ ’ਚ ਵੋਟਿੰਗ ਦੌਰਾਨ ਹੋਏ ਵਿਵਾਦ ਮਗਰੋਂ ਅੱਜ ਸਵੇਰੇ ਸਮਾਜਵਾਦੀ ਪਾਰਟੀ (ਸਪਾ) ਦੇ ਬੂਥ ਏਜੰਟ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਇੱਕ ਪਿੰਡ ਵਾਸੀ ਵੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਿਲ੍ਹੇ ’ਚ ਬੀਤੇ ਦਿਨ ਦੂਜੇ ਗੇੜ ਦੀਆਂ ਵੋਟਾਂ ਪਈਆਂ ਸਨ। ਐੱਸਪੀ ਸੰਜੈ ਕੁਮਾਰ ਨੇ ਦੱਸਿਆ ਕਿ ਵਿਕਰਮਪੁਰ ਚਕੋਰਾ ਪਿੰਡ ’ਚ ਸਮਾਜਵਾਦੀ ਪਾਰਟੀ ਦੇ ਬੂਥ ਏਜੰਟ ਸੁਧੀਰ ਕੁਮਾਰ (20) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਪਈਆਂ ਵੋਟਾਂ ਦੌਰਾਨ ਸੁਨੀਲ ਕੁਮਾਰ ਦਾ ਕੁਝ ਲੋਕਾਂ ਨਾਲ ਵਿਵਾਦ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਲੰਘੀ ਦੇਰ ਰਾਤ ਨਿਗੋਹੀ ਥਾਣੇ ਦੇ ਇੰਚਾਰਜ ਦਿਲੀਪ ਕੁਮਾਰ ਨੂੰ ਪੁਲੀਸ ਲਾਈਨ ਹਾਜ਼ਰ ਕਰ ਗਿਆ ਸੀ। -ਪੀਟੀਆਈ