ਗੁਹਾਟੀ, 24 ਜੂਨ
ਆਸਾਮ ਵਿੱਚ ਹੜ੍ਹਾਂ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਲੱਗਪਗ 45.34 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬ੍ਰਹਮਪੁੱਤਰ ਅਤੇ ਬਰਾਕ ਨਦੀਆਂ ਸਣੇ ਹੋਰ ਸਹਾਇਕ ਨਦੀਆਂ ਵਿੱਚ ਪਾਣੀ ਚੜ੍ਹਿਆ ਹੋਇਆ ਹੈ ਜਦਕਿ ਕੁਝ ਇਲਾਕਿਆਂ ਵਿੱਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਲੰਘੇ 24 ਘੰਟਿਆਂ ਵਿੱਚ 7 ਹੋਰ ਮੌਤਾਂ ਹੋਣ ਨਾਲ ਹੜ੍ਹਾਂ ਕਾਰਨ ਮ੍ਰਿਤਕਾਂ ਦਾ ਅੰਕੜਾ ਵਧ ਕੇ 108 ਹੋ ਗਿਆ ਹੈ। ਇੱਕ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ‘ਬਰਾਕ ਘਾਟੀ ਦਾ ਗੇਟਵੇਅ’ ਮੰਨੇ ਜਾਂਦੇ ਸਿਲਚਰ ਵਿੱਚ ਬਹੁਤੇ ਇਲਾਕੇ ਪਾਣੀ ’ਚ ਡੁੱਬੇ ਹੋਏ ਤੇ ਸਥਿਤੀ ਖ਼ਤਰੇ ਵਾਲੀ ਬਣੀ ਹੋਈ ਹੈ।
ਆਸਾਮ ਸਟੇਟ ਆਫ਼ਤ ਪ੍ਰਬੰਧਨ ਅਥਾਰਿਟੀ (ਏਐੱਸਡੀਐੱਮਏ) ਨੇ ਦੱਸਿਆ ਕਿ ਕਛਾਰ ਜ਼ਿਲ੍ਹੇ ਵਿੱਚ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ। ਅਧਿਕਾਰੀਆਂ ਮੁਤਾਬਕ ਸਿਲਚਰ ਵਿੱਚ ਬਚਾਅ ਅਪਰੇਸ਼ਨ ਚਲਾਉਣ ਲਈ ਐੱਨਡੀਆਰਐੱਫ ਦੀ ਅੱਠ ਟੀਮਾਂ ਟੀਮਾਂ ਈਟਾਨਗਰ ਤੇ ਭੁਵਨੇਸ਼ਵਰ ਤੋਂ ਲਿਆਂਦੀਆਂ ਗਈਆਂ ਹਨ ਜਦਕਿ 120 ਮੈਂਬਰੀ ਆਰਮੀ ਟੀਮ ਨੂੰ ਦੀਮਾਪੁਰ ਤੋਂ 9 ਕਿਸ਼ਤੀਆਂ ਨਾਲ ਸਿਲਚਰ ਭੇਜਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਤਿੰਨ ਲੱਖ ਲੋਕਾਂ ਨੂੰ ਖਾਣੇ, ਪੀਣ ਵਾਲੇ ਪਾਣੀ ਅਤੇ ਦਵਾਈਆਂ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਵਾਈ ਸੈਨਾ ਦੇ ਹੈਲੀਕਾਪਟਰਾਂ ਰਾਹੀਂ ਖਾਣੇ ਦੇ ਪੈਕਟ, ਪਾਣੀ ਦੀਆਂ ਬੋਤਲਾਂ ਤੇ ਹੋਰ ਸਾਮਾਨ ਪਹੁੰਚਾਇਆ ਜਾ ਰਿਹਾ ਹੈ। ਬਰਾਕ ਤੇ ਕੁਸ਼ੀਆਰਾ ਨਦੀਆਂ ’ਚ ਪਾਣੀ ਦਾ ਪੱਧਰ ਵਧਣ ਕਾਰਨ ਘਾਟੀ ਦੇ ਤਿੰਨ ਜ਼ਿਲ੍ਹੇ ਕਛਾਰ, ਹੈਲਾਕੰਢੀ ਤੇ ਕਰੀਮਗੰਜ ਪ੍ਰਭਾਵਿਤ ਹੋਏ ਹਨ। -ਪੀਟੀਆਈ
ਗਰੁੜ ਏਅਰੋਸਪੇਸ ਵੱਲੋਂ ਬਚਾਅ ਕਾਰਜਾਂ ਵਿੱਚ ਮਦਦ ਲਈ ਡਰੋਨ ਤਾਇਨਾਤ
ਚੇਨੱਈ: ਡਰੋਨ ਸਟਾਰਟ-ਅਪ ਗਰੁੜ ਏਅਰੋਸਪੇਸ ਨੇ ਹੜ੍ਹ ਪ੍ਰਭਾਵਿਤ ਆਸਾਮ ਵਿੱਚ ਜਾਰੀ ਬਚਾਅ ਕਾਰਜਾਂ ਵਿੱਚ ਮਦਦ ਲਈ ਐਮਰਜੈਂਸੀ ਡਲਿਵਰੀ ਵਾਸਤੇ ‘ਵ੍ਹਾਈਟ ਨਾਈਟ ਡਲਿਵਰੀ’ ਡਰੋਨ ਤਾਇਨਾਤ ਕੀਤੇ ਹਨ। ਚੇਨੱਈ ਦੀ ਕੰਪਨੀ ਨੇ ਅੱਜ ਦੱਸਿਆ ਕਿ ਲੋਕਾਂ ਤੱਕ ਖਾਣੇ ਅਤੇ ਦਵਾਈਆਂ ਦੇ ਪੈਕਟ ਪਹੁੰਚਾਉਣ ਲਈ ਇਹ ਡਰੋਨ ਵਰਤੇ ਜਾ ਰਹੇ ਹਨ। -ਪੀਟੀਆਈ