ਸ੍ਰੀਨਗਰ, 22 ਜੂਨ
ਪਿਛਲੇ ਚਾਰ ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਕਸ਼ਮੀਰ ਦੀਆਂ ਬਹੁਤੀਆਂ ਨਦੀਆਂ ਦਾ ਜਲ ਪੱਧਰ ਵੱਧ ਗਿਆ ਹੈ ਜਦਕਿ ਅਨੰਤਨਾਗ ਜ਼ਿਲ੍ਹੇ ’ਚੋਂ ਲੰਘਦੀ ਜੇਹਲਮ ਨਦੀ ਸੰਗਮ ਨੇੜੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਆਉਣ ਦਾ ਖਤਰਾ ਦੇਖਦਿਆਂ ਲੋਕਾਂ ਨੇ ਸੁਰੱਖਿਆ ਥਾਵਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਸ਼ਮੀਰ ਘਾਟੀ ’ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੇ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ ਜਦਕਿ ਅਮਰਨਾਥ ਸਮੇਤ ਉੱਚੇ ਪਹਾੜੀ ਇਲਾਕਿਆਂ ’ਚ ਬਰਫ਼ ਪੈਣ ਕਾਰਨ ਤਾਪਮਾਨ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਨੰਤਨਾਗ ਜ਼ਿਲ੍ਹੇ ’ਚ ਸੰਗਮ ਨੇੜੇ ਜੇਹਲਮ ਦੇ ਪਾਣੀ ਦਾ ਪੱਧਰ 18.18 ਫੁੱਟ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਇਸੇ ਤਰ੍ਹਾਂ ਕੁਲਗਾਮ ਜ਼ਿਲ੍ਹੇ ’ਚੋਂ ਲੰਘਦੀ ਵੈਸ਼ੋਵ ਨਦੀ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਸੀ ਪਰ ਅੱਜ ਸਵੇਰੇ 10 ਵਜੇ ਮਗਰੋਂ ਇਸ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਸਿਵਲ ਲਾਈਨਜ਼ ਇਲਾਕੇ ’ਚ ਬਰਜ਼ੁੱਲਾ ਨੇੜੇ ਦੂਧਗੰਗਾ ਨਦੀ ਵੀ ਖਤਰੇ ਦੇ ਨਿਸ਼ਾਨ ਦੇ ਨੇੜੇ ਹੀ ਵਗ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ’ਚ ਹੋਈ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ’ਚ ਪਏ ਮੀਂਹ ਕਾਰਨ ਤਾਪਮਾਨ ’ਚ ਕਮੀ ਦਰਜ ਕੀਤੀ ਗਈ ਹੈ ਅਤੇ ਸ੍ਰੀਨਗਰ ਵਿੱਚ 21 ਜੂਨ ਸਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ ਹੈ। -ਪੀਟੀਆਈ
ਜੰਮੂ-ਸ੍ਰੀਨਗਰ ਰਾਜਮਾਰਗ ਦਾ 150 ਫੁੱਟ ਲੰਮਾ ਹਿੱਸਾ ਰੁੜ੍ਹਿਆ
ਬਨਿਹਾਲ/ਊਧਮਪੁਰ/ਜੰਮੂ: ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਮਗਰੋਂ ਆਏ ਹੜ੍ਹ ਕਾਰਨ ਇੱਕ ਨਿਰਮਾਣ ਅਧੀਨ ਪੁਲ ਦੀ ਸ਼ਟਰਿੰਗ ਤੇ ਜੰਮੂ-ਸ੍ਰੀਨਗਰ ਰਾਜ ਮਾਰਗ ਦਾ 150 ਫੁੱਟ ਲੰਮਾ ਹਿੱਸਾ ਰੁੜ੍ਹ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ ਤੇ ਊਧਮਪੁਰ ਜ਼ਿਲ੍ਹਿਆਂ ’ਚ ਢਿੱਗਾਂ ਖਿਸਕਣ ਕਾਰਨ ਲਗਾਤਾਰ ਦੂਜੇ ਦਿਨ ਵੀ ਰਣਨੀਤਕ ਤੌਰ ਤੋਂ ਮਹੱਤਵਪੂਰਨ ਇਹ ਮਾਰਗ ਬੰਦ ਰਿਹਾ ਜਿਸ ਕਾਰਨ ਵੱਡੀ ਗਿਣਤੀ ’ਚ ਵਾਹਨ ਇੱਥੇ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜੰਮੂ ਖੇਤਰ ਦੇ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨਾਲ ਜੋੜਨ ਵਾਲੇ ਮੁਗਲ ਰੋਡ ’ਤੇ ਢਿੱਗਾਂ ਖਿਸਕਣ ਕਾਰਨ ਆਵਾਜਾਈ ਠੱਪ ਰਹੀ। ਉਨ੍ਹਾਂ ਦੱਸਿਆ ਕਿ ਊਧਮਪੁਰ ਸ਼ਹਿਰ ਤੋਂ 16 ਕਿਲੋਮੀਟਰ ਦੂਜ ਤੋਲਦੀ ਨਾਲੇ ਨੇੜੇ ਜੰਮੂ-ਸ੍ਰੀਨਗਰ ਰਾਜਮਾਰਗ ਦਾ 150 ਫੁਟ ਲੰਮਾ ਹਿੱਸਾ ਰੁੜ੍ਹ ਗਿਆ ਹੈ। ਤਵੀ ਨਦੀ ’ਚ ਹੜ੍ਹ ਆਉਣ ਕਾਰਨ ਕਈ ਮਸ਼ੀਨਾਂ ਵੀ ਰੁੜ੍ਹ ਗਈਆਂ ਹਨ। ਉਨ੍ਹਾਂ ਦੱਸਿਆ ਕਿ ਰਾਮਬਨ ਤੇ ਊਧਮਪੁਰ ਜ਼ਿਲ੍ਹਿਆਂ ’ਚ 270 ਕਿਲੋਮੀਟਰ ਲੰਮੇ ਰਾਜਮਾਰਗ ’ਤੇ 33 ਤੋਂ ਵੱਧ ਥਾਵਾਂ ’ਤੇ ਢਿੱਗਾਂ ਖਿਸਕਣ ਤੇ ਕਈ ਥਾਵਾਂ ’ਤੇ ਪਹਾੜ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਜਮਾਰਗ ਕਿਨਾਰੇ ਵੱਖ ਵੱਖ ਥਾਵਾਂ ’ਤੇ ਤਕਰੀਬਨ ਇੱਕ ਹਜ਼ਾਰ ਤੋਂ ਵੱਧ ਵਾਹਨ ਫਸੇ ਹੋਏ ਹਨ। -ਪੀਟੀਆਈ
ਆਸਾਮ ਵਿੱਚ 55 ਲੱਖ ਲੋਕ ਪ੍ਰਭਾਵਿਤ
ਗੁਹਾਟੀ: ਆਸਾਮ ਵਿੱਚ ਹੜ੍ਹ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ 55 ਲੱਖ ਲੋਕ ਪ੍ਰਭਾਵਿਤ ਹੋਏ ਹਨ। ਹੁਣ ਤੱਕ 89 ਵਿਅਕਤੀ ਮਾਰੇ ਗਏ ਹਨ। ਮੁੱਖ ਮੰਤਰੀ ਹੇਮੰਤ ਬਿਸਵਾ ਨੇ ਨਾਗਾਉਂ ਜ਼ਿਲ੍ਹੇ ਦਾ ਰੇਲ ਗੱਡੀ ਰਾਹੀਂ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ। -ਪੀਟੀਆਈ