ਨਵੀਂ ਦਿੱਲੀ: ਫਿਚ ਰੇਟਿੰਗਜ਼ ਨੇ ਆਪਣੀ ਹੀ ਪੇਸ਼ੀਨਗੋਈ ਵਿਚ ਸੋਧ ਕਰਦਿਆਂ ਮੌਜੂਦਾ ਵਿੱਤੀ ਸਾਲ ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ 7 ਫੀਸਦ ਰਹਿਣ ਦਾ ਦਾਅਵਾ ਕੀਤਾ ਹੈ। ਦਰਜਾਬੰਦੀ ਏਜੰਸੀ ਨੇ ਜੂਨ ਮਹੀਨੇ ਇਕ ਬਿਆਨ ਵਿੱਚ 2022-23 ’ਚ ਭਾਰਤ ਦੀ ਜੀਡੀਪੀ 7.8 ਫੀਸਦ ਰਹਿਣ ਦੀ ਭਵਿੱਖਬਾਣੀ ਕੀਤੀ ਸੀ। ਏਜੰਸੀ ਨੇ ਵਿੱਤੀ ਸਾਲ 2024 ਵਿੱਚ ਵਿਕਾਸ ਦਰ 7.4 ਫੀਸਦ ਰਹਿਣ ਦੇ ਆਪਣੇ ਪਿਛਲੇ ਅਨੁਮਾਨ ਨੂੰ ਵੀ ਘਟਾ ਕੇ 6.7 ਫੀਸਦ ਕਰ ਦਿੱਤਾ ਹੈ। ਫਿਚ ਨੇ ਅੰਕੜਿਆਂ ਵਿੱਚ ਸੁਧਾਰ ਲਈ ਵਧਦੀ ਮਹਿੰਗਾਈ ਤੇ ਵਿਆਜ ਦਰਾਂ ਦਾ ਹਵਾਲਾ ਦਿੱਤਾ ਹੈ। ਏਜੰਸੀ ਨੇ ਅੱਜ ਜਾਰੀ ਕੀਤੇ ਗਲੋਬਲ ਇਕਨੌਮਿਕ ਆਊਟਲੁਕ ਵਿੱਚ ਕਿਹਾ ਕਿ ਅਪਰੈਲ-ਜੂਨ ਮਹੀਨੇ ਵਿਚ ਜੀਡੀਪੀ 13.5 ਫੀਸਦ ਸੀ, ਜੋ ਜੂਨ ਵਿੱਚ 18.5 ਫੀਸਦ ਦੇ ਵਾਧੇ ਦੇ ਅਨੁਮਾਨਾਂ ਤੋਂ ਕਿਤੇ ਘੱਟ ਸੀ। ਰਿਪੋਰਟ ਵਿੱਚ ਕਿਹਾ ਗਿਆ, ‘ਆਲਮੀ ਅਰਥਚਾਰੇ ਵਿੱਚ ਨਿਘਾਰ, ਵਧਦੀ ਮਹਿੰਗਾਈ ਤੇ ਸਖ਼ਤ ਮੁਦਰਾ ਨੀਤੀ ਕਰਕੇ ਸਾਨੂੰ ਅਰਥਚਾਰੇ ਦੀ ਰਫ਼ਤਾਰ ਘਟਣ ਦੀ ਉਮੀਦ ਹੈ। ਕੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਮਹਿੰਗਾਈ ਦਰ ਕੁਝ ਘਟੀ, ਪਰ ਇਸ ਸਾਲ ਦੇ ਅੰਤ ਤੱਕ ਨਾਕਾਰਾਤਮਕ ਰੁਝਾਨ ਦੇ ਮੱਦੇਨਜ਼ਰ ਖੁਰਾਕੀ ਮਹਿੰਗਾਈ ਦਾ ਜੋਖ਼ਮ ਬਰਕਰਾਰ ਹੈ।’’ ਥੋਕ ਕੀਮਤ ਆਧਾਰਿਤ ਮਹਿੰਗਾਈ ਅਗਸਤ ਮਹੀਨੇ 12.41 ਫੀਸਦ ਦੇ ਅੰਕੜੇ ਨਾਲ 11 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਜਦੋਂਕਿ ਪ੍ਰਚੂਨ ਮਹਿੰਗਾਈ ਹਲਕੇ ਵਾਧੇ ਨਾਲ 7 ਫੀਸਦ ਰਹੀ। ਅਪਰੈਲ-ਜੂਨ (ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ) ਵਿਚ ਵਾਧਾ ਦਰ ਅਨੁਮਾਨਿਤ 13.5 ਫੀਸਦ ਤੋਂ ਕਿਤੇ ਹੇਠਾਂ ਰਹਿਣ ਕਰਕੇ ਫਿਚ ਤੋਂ ਪਹਿਲਾਂ ਹੋਰ ਦਰਜਾਬੰਦੀ ਏਜੰਸੀਆਂ ਨੇ ਭਾਰਤ ਦੀ ਜੀਡੀਪੀ ਸਬੰਧੀ ਆਪਣੀਆਂ ਭਵਿੱਖਬਾਣੀਆਂ ਵਿਚ ਸੁਧਾਰ ਕੀਤਾ ਹੈ। ਮੂਡੀਜ਼ ਇਨਵੈਸਟਰਜ਼ ਸਰਵਿਸ ਨੂੰ ਉਮੀਦ ਹੈ ਕਿ ਭਾਰਤ ਦੀ ਜੀਡੀਪੀ ਵਿਕਾਸ ਦਰ 2021 ਵਿੱਚ 8.3 ਫੀਸਦੀ ਤੋਂ 2022 ਵਿੱਚ 7.7 ਫੀਸਦੀ ਅਤੇ 2023 ਵਿੱਚ ਹੋਰ ਘਟ ਕੇ 5.2 ਫੀਸਦੀ ਰਹਿ ਜਾਵੇਗੀ। ਇਸ ਤੋਂ ਪਹਿਲਾਂ ਮਾਰਚ ਵਿੱਚ ਮੂਡੀਜ਼ ਨੇ ਭਾਰਤੀ ਅਰਥਚਾਰੇ ਦੇ 8.8 ਫੀਸਦੀ ਦੀ ਦਰ ਨਾਲ ਵਧਣ ਦੀ ਪੇਸ਼ੀਨਗੋਈ ਕੀਤੀ ਸੀ। ਐੱਸਬੀਆਈ ਅਪਰੈਲ 2022 ਤੋਂ ਮਾਰਚ 2023 (ਵਿੱਤੀ ਸਾਲ 2023) ਤੱਕ 6.8 ਫੀਸਦੀ ਵਾਧੇ ਦੀ ਉਮੀਦ ਕਰਦਾ ਹੈ ਅਤੇ ਇੰਡੀਆ ਰੇਟਿੰਗਜ਼ ਐਂਡ ਰਿਸਰਚ (ਇੰਡ-ਰਾ) ਨੇ ਅੰਕੜਾ 6.9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਉਧਰ ਭਾਰਤੀ ਰਿਜ਼ਰਵ ਬੈਂਕ ਨੂੰ ਚਾਲੂ ਵਿੱਤੀ ਸਾਲ ’ਚ ਆਰਥਿਕ ਵਿਕਾਸ ਦਰ 7.2 ਫੀਸਦੀ ਰਹਿਣ ਦੀ ਉਮੀਦ ਹੈ। ਫਿਚ ਨੇ ਕਿਹਾ ਕਿ ਮੁੱਖ ਮਹਿੰਗਾਈ ਦਰ, ਜਿਸ ਵਿੱਚ ਭੋਜਨ, ਈਂਧਨ ਅਤੇ ਰੌਸ਼ਨੀ ਸ਼ਾਮਲ ਹੈ, 6 ਫੀਸਦ ਰਹੀ। -ਪੀਟੀਆਈ