ਫਿਰੋਜ਼ਾਬਾਦ, ਮਥੁਰਾ ਤੇ ਆਗਰਾ ਜ਼ਿਲ੍ਹਿਆਂ ’ਚ ਇਲਾਜ ਪ੍ਰਕਿਰਿਆ ਦੀ ਨਿਗਰਾਨੀ ਲਈ ਭੇਜੀਆਂ ਜਾਣਗੀਆਂ ਤਿੰਨ ਟੀਮਾਂ
ਲਖਨਊ, 6 ਸਤੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਜ਼ਿਲ੍ਹਾ ਫਿਰੋਜ਼ਾਬਾਦ ਜਿੱਥੇ ਡੇਂਗੂ ਅਤੇ ਵਾਇਰਲ ਬੁਖਾਰ ਕਾਰਨ 50 ਤੋਂ ਵੱਧ ਲੋਕਾਂ ਜਾਨਾਂ ਗਈਆਂ ਹਨ, ਵਿੱਚ ਸਿਹਤ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਕੁਝ ਅਧਿਕਾਰੀ ਆਪਣੀਆਂ ਡਿਊਟੀ ’ਚ ਨਿਭਾਉਣ ’ਚ ਅਸਫਲ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ’ਚ ਦਿੱਤੀ ਗਈ।
ਮੁੱਖ ਮੰਤਰੀ ਨੇ ਅੱਜ ਇੱਕ ਮੀਟਿੰਗ ਕੀਤੀ ਅਤੇ ਸੰਜੇ ਗਾਂਧੀ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਰਾਮ ਮਨੋਹਰ ਲੋਹੀਆ ਹਸਪਤਾਲ ਅਤੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ, ਲਖਨਊ ਦੀਆਂ ਤਿੰਨ ਟੀਮਾਂ ਨੂੰ ਫਿਰੋਜ਼ਾਬਾਦ, ਆਗਰਾ ਅਤੇ ਮਥੁਰਾ ਭੇਜਣ ਦੇ ਨਿਰਦੇਸ਼ ਦਿੱਤੇ। ਇਹ ਟੀਮਾਂ ਤਿੰਨੋਂ ਜ਼ਿਲ੍ਹਿਆਂ ਦੇ ਹਸਪਤਾਲਾਂ ’ਚ ਇਲਾਜ ਪ੍ਰਕਿਰਿਆ ਦੇਖਣਗੀਆਂ ਅਤੇ ਇਲਾਜ ’ਚ ਸਥਾਨਕ ਡਾਕਟਰਾਂ ਦਾ ਮਾਰਗ ਦਰਸ਼ਨ ਕਰਨਗੀਆਂ।
ਮੀਟਿੰਗ ’ਚ ਸ੍ਰੀ ਯੋਗੀ ਨੇ ਕਿਹਾ, ‘ਸਿਹਤ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਕੁਝ ਅਧਿਕਾਰੀ ਆਪਣੀਆਂ ਡਿਊਟੀਆਂ ਨਿਭਾਉਣ ’ਚ ਅਸਫਲ ਪਾਏ ਗਏ ਹਨ। ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।’
ਉਨ੍ਹਾਂ ਨੇ ਹਸਪਤਾਲਾਂ ’ਚ ਹੋਰ ਬੈੱਡਾਂ, ਪੈਰਾ ਮੈਡੀਕਲ ਸਟਾਫ, ਦਵਾਈਆਂ ਤੇ ਟੈਸਟ ਉਪਕਰਨਾਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ। ਇੱਕ ਅਧਿਕਾਰਤ ਤਰਜਮਾਨ ਨੇ ਦੱਸਿਆ ਕਿ ਸੀਐੱਮ ਹੈਲਪਲਾਈਨ ਵੱਲੋਂ ਵੀ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਮਿਲ ਰਹੀਆਂ ਇਲਾਜ ਸਹੂਲਤਾਂ ਦੀ ਜਾਣਕਾਰੀ ਲਈ ਜਾ ਰਹੀ ਹੈ।
ਫਿਰੋਜ਼ਾਬਾਦ ਕਾਲਜ ਦੀ ਪ੍ਰਿੰਸੀਪਲ ਡਾਕਟਰ ਸੰਗੀਤਾ ਅਨੇਜਾ ਨੇ ਐਤਵਾਰ ਦੇਰ ਸ਼ਾਮ ਨੂੰ ਦੱਸਿਆ ਸੀ ਕਿ ਮੈਡੀਕਲ ਕਾਲਜ ’ਚ ਵਾਇਰਲ ਅਤੇ ਡੇਂਗੂ ਬੁਖਾਰ ਦੇ 105 ਹੋਰ ਨਵੇਂ ਮਰੀਜ਼ ਆਏ ਹਨ, ਜਦਕਿ 60 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ’ਚ 447 ਮਰੀਜ਼ ਦਾਖਲ ਹਨ। ਜ਼ਿਕਰਯੋਗ ਹੈ ਪਿਛਲੇ ਹਫ਼ਤੇ ਫਿਰੋਜ਼ਾਬਾਦ ਦੇ ਤਿੰੰਨ ਡਾਕਟਰਾਂ ਨੂੰ ਡਿਊਟੀ ’ਚ ਕੁਤਾਹੀ ਵਰਤਣ ’ਤੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਸੀ। -ਪੀਟੀਆਈ