ਲਖਨਊ, 6 ਸਤੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਜ਼ਿਲ੍ਹਾ ਫਿਰੋਜ਼ਾਬਾਦ ਜਿੱਥੇ ਡੇਂਗੂ ਅਤੇ ਵਾਇਰਲ ਬੁਖਾਰ ਕਾਰਨ 50 ਤੋਂ ਵੱਧ ਲੋਕਾਂ ਜਾਨਾਂ ਗਈਆਂ ਹਨ, ਵਿੱਚ ਸਿਹਤ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਕੁਝ ਅਧਿਕਾਰੀ ਆਪਣੀਆਂ ਡਿਊਟੀ ’ਚ ਨਿਭਾਉਣ ’ਚ ਅਸਫਲ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ’ਚ ਦਿੱਤੀ ਗਈ। ਮੁੱਖ ਮੰਤਰੀ ਨੇ ਅੱਜ ਇੱਕ ਮੀਟਿੰਗ ਕੀਤੀ ਅਤੇ ਸੰਜੇ ਗਾਂਧੀ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਰਾਮ ਮਨੋਹਰ ਲੋਹੀਆ ਹਸਪਤਾਲ ਅਤੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ, ਲਖਨਊ ਦੀਆਂ ਤਿੰਨ ਟੀਮਾਂ ਨੂੰ ਫਿਰੋਜ਼ਾਬਾਦ, ਆਗਰਾ ਅਤੇ ਮਥੁਰਾ ਭੇਜਣ ਦੇ ਨਿਰਦੇਸ਼ ਦਿੱਤੇ। ਇਹ ਟੀਮਾਂ ਤਿੰਨੋਂ ਜ਼ਿਲ੍ਹਿਆਂ ਦੇ ਹਸਪਤਾਲਾਂ ’ਚ ਇਲਾਜ ਪ੍ਰਕਿਰਿਆ ਦੇਖਣਗੀਆਂ ਅਤੇ ਇਲਾਜ ’ਚ ਸਥਾਨਕ ਡਾਕਟਰਾਂ ਦਾ ਮਾਰਗ ਦਰਸ਼ਨ ਕਰਨਗੀਆਂ। ਮੀਟਿੰਗ ’ਚ ਸ੍ਰੀ ਯੋਗੀ ਨੇ ਕਿਹਾ, ‘ਸਿਹਤ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਕੁਝ ਅਧਿਕਾਰੀ ਆਪਣੀਆਂ ਡਿਊਟੀਆਂ ਨਿਭਾਉਣ ’ਚ ਅਸਫਲ ਪਾਏ ਗਏ ਹਨ। ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।’
ਉਨ੍ਹਾਂ ਨੇ ਹਸਪਤਾਲਾਂ ’ਚ ਹੋਰ ਬੈੱਡਾਂ, ਪੈਰਾ ਮੈਡੀਕਲ ਸਟਾਫ, ਦਵਾਈਆਂ ਤੇ ਟੈਸਟ ਉਪਕਰਨਾਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸੇ ਦੌਰਾਨ ਕੇਂਦਰ ਵੱਲੋਂ ਫਿਰੋਜ਼ਬਾਦ ਭੇਜੀ ਗਈ ਜਾਂਚ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਜ਼ਿਲ੍ਹੇ ’ਚ ਮਿਲੇ ਬਹੁਤੇ ਕੇਸ ਦੇ ਡੇਂਗੂ ਦੇ ਜਦਕਿ ਕੁਝ ‘ਸਕਰਬ ਟਾਈਫਸ’ ਅਤੇ ‘ਲੈਪਟੋਸਪਾਇਰੋਸਿਸ’ ਦੇ ਹਨ। -ਪੀਟੀਆਈ
ਬੱਚੇ ਮਰ ਰਹੇ ਨੇ, ਪਰ ਯੋਗੀ ਵੱਲੋਂ ‘ਸਭ ਠੀਕ ਹੋਣ’ ਦਾ ਦਾਅਵਾ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਬੱਚੇ ਵਾਇਰਲ ਬੁਖਾਰ ਅਤੇ ਡੇਂਗੂ ਨਾਲ ਮਰ ਰਹੇ ਹਨ ਪਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਸਭ ਠੀਕ ਹੋਣ’ ਦੇ ਝੂਠੇ ਦਾਅਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਡੇਂਗੂ ਅਤੇ ਵਾਇਰਲ ਬੁਖਾਰ ਕਾਰਨ ਹਾਹਾਕਾਰ ਮਚੀ ਹੋਈ ਹੈ। ਹਸਪਤਾਲਾਂ ’ਚ ਭੀੜ ਹੈ ਅਤੇ ਸਮੇਂ ਸਿਰ ਅਤੇ ਢੁੱਕਵਾਂ ਇਲਾਜ ਨਾ ਮਿਲਣ ਕਾਰਨ ਬੱਚੇ ਮਰ ਰਹੇ ਹਨ। ਭਾਜਪਾ ਸਰਕਾਰ ਸੂਬੇ ’ਚ ਨਕਾਰਾ ਹੋ ਚੁੱਕੀਆਂ ਸਿਹਤ ਸੇਵਾਵਾਂ ਵੱਲ ਧਿਆਨ ਨਹੀਂ ਦੇ ਰਹੀ ਹੈ। -ਪੀਟੀਆਈ