ਸ਼ਿਮਲਾ, 12 ਮਈ
ਸਾਬਕਾ ਕੇਂਦਰੀ ਮੰਤਰੀ ਸੁਖ ਰਾਮ ਦਾ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਹੋਰ ਰਾਜ ਮੰਤਰੀਆਂ ਦੀ ਮੌਜੂਦਗੀ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਹਨੂੰਮਾਨ ਘਾਟ ਵਿਖੇ ਸਸਕਾਰ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਸੇਤੀ ਮੰਚ ਨੇੜੇ ਰੱਖੀ ਗਈ। ਸੁਖ ਰਾਮ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਅਤੇ ਭਾਜਪਾ ਵਿਧਾਇਕ ਅਨਿਲ ਸ਼ਰਮਾ ਨੇ ਦਿਖਾਈ। ਜ਼ਿਕਰਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਨੇਤਾ ਸੁਖ ਰਾਮ ਦਾ ਬੀਤੇ ਦਿਨ ਦਿੱਲੀ ਦੇ ਏਮਜ਼ ਵਿੱਚ ਦੇਹਾਂਤ ਹੋ ਗਿਆ ਸੀ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸ਼ਰਧਾਂਜਲੀ ਭੇਟ ਕਰਨ ਮਗਰੋਂ ਕਿਹਾ ਕਿ ਪੰਡਿਤ ਸੁਖ ਰਾਮ, ਜਿਨ੍ਹਾਂ ਨੇ 1993 ਤੋਂ 1996 ਦਰਮਿਆਨ ਕੇਂਦਰੀ ਸੰਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸੇਵਾ ਨਿਭਾਈ, ਨੂੰ ਦੇਸ਼ ਵਿੱਚ ਦੂਰਸੰਚਾਰ ਕ੍ਰਾਂਤੀ ਲਿਆਉਣ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਤੋਂ ਇਲਾਵਾ ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ਠਾਕੁਰ, ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ, ਮੰਤਰੀ ਡਾ. ਰਾਮ ਲਾਲ ਮਾਰਕੰਡਾ, ਸੰਸਦ ਮੈਂਬਰ ਅਤੇ ਭਾਜਪਾ ਪ੍ਰਧਾਨ ਸੁਰੇਸ਼ ਕਸ਼ਯਪ ਨੇ ਵੀ ਸੁਖ ਰਾਮ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ