ਨਵੀਂ ਦਿੱਲੀ, 20 ਅਪਰੈਲ
ਦੇਸ਼ ਦੀ ਸਾਈਬਰ ਸੁਰੱਖਿਆ ਏਜੰਸੀ ਸੀਈਆਰਟੀ ਨੇ ਭਾਰਤ ਵਿਚ ਫੇਸਬੁੱਕ ਵਰਤਣ ਵਾਲਿਆਂ ਦੇ ਖਾਤੇ ਦੀ ਨਿੱਜਤਾ ਵਧਾਉਣ ਲਈ ਕਿਹਾ ਹੈ। ਇਹ ਹਦਾਇਤ ਸੋਸ਼ਲ ਮੀਡੀਆ ’ਤੇ 61 ਲੱਖ ਭਾਰਤੀਆਂ ਦੇ ਖਾਤੇ ਵਿਚੋਂ ਜਾਣਕਾਰੀ ਲੀਕ ਹੋਣ ਤੋਂ ਬਾਅਦ ਦਿੱਤੀ ਗਈ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਅਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਕਿ ਫੇਸਬੁੱਕ ਵਰਤੋਂਕਾਰਾਂ ਦਾ ਖਾਤਾ ਜਨਤਕ ਹੋ ਸਕਦਾ ਹੈ ਤੇ ਇਸ ਬਾਰੇ ਵਰਤੋਂਕਾਰਾਂ ਨੂੰ ਪਤਾ ਵੀ ਨਹੀਂ ਚਲਦਾ। ਇਸ ਕਰ ਕੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। -ਪੀਟੀਆਈ