ਅਗਰਤਲਾ/ਗੁਹਾਟੀ, 19 ਜੂਨ
ਅਸਾਮ ਵਿੱਚ ਭਾਰੀ ਬਾਰਿਸ਼ ਨਾਲ ਹੜ੍ਹ ਆਉਣ ਕਾਰਨ ਸਥਿਤੀ ਗੰਭੀਰ ਹੋ ਗਈ ਹੈ। ਸੂਬੇ ਦੇ 32 ਜ਼ਿਲ੍ਹਿਆਂ ਵਿੱਚ 31 ਲੱਖ ਲੋਕ ਅਸਰਅੰਦਾਜ਼ ਹੋਏ ਹਨ, ਜਦੋਂਕਿ ਸ਼ਨਿਚਰਵਾਰ ਨੂੰ ਅੱਠ ਹੋਰ ਜਾਨਾਂ ਚਲੀਆਂ ਗਈਆਂ ਹਨ। ਇਸ ਤਰ੍ਹਾਂ ਸੂਬੇ ਵਿੱਚ ਮੌਤਾਂ ਦੀ ਕੁੱਲ ਗਿਣਤੀ 63 ਹੋ ਗਈ ਹੈ।
ਤ੍ਰਿਪੁਰਾ ਵਿੱਚ ਲਗਾਤਾਰ ਭਾਰੀ ਬਾਰਿਸ਼ ਤੇ ਹੜ੍ਹ ਕਾਰਨ ਸ਼ੁੱਕਰਵਾਰ ਤੱਕ 10 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਅਗਰਤਲਾ ਤੇ ਇਸ ਦੇ ਨਾਲ ਲੱਗਦੇ ਪੱਛਮੀ ਤ੍ਰਿਪੁੁਰਾ ਜ਼ਿਲ੍ਹੇ ਵਿੱਚ ਹੜ੍ਹ ਆ ਗਿਆ ਹੈ। ਹਾਵੜਾ ਨਦੀ ਓਵਰਫਲੋਅ ਹੋਣ ਕਾਰਨ ਅਗਰਤਲਾ ਮਿਊਂਸਿਪਲ ਕਾਰਪੋਰੇਸ਼ਨ ਅਤੇ ਇਸ ਨਾਲ ਲੱਗਦੇ ਨੀਵੇਂ ਇਲਾਕੇ ਡੁੱਬ ਗਏ ਹਨ। ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਸੀਨੀਅਰ ਅਧਿਕਾਰੀ ਸਰਤ ਕੁਮਾਰ ਦਾਸ ਨੇ ਦੱਸਿਆ ਕਿ ਲੰਘੇ 24 ਘੰਟਿਆਂ ਵਿੱਚ 155 ਮਿਲੀਮੀਟਰ ਬਾਰਿਸ਼ ਹੋਈ ਹੈ। ਪੁਲੀਸ, ਐੱਨਡੀਆਰਐੱਫ ਤੇ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਰਕੇ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਤੋਂ ਸੂਬੇ ਵਿੱਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ। -ਪੀਟੀਆਈ