ਗੁਹਾਟੀ, 21 ਜੂਨ
ਪਿਛਲੇ ਹਫ਼ਤੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਭਿਆਨਕ ਹੜ੍ਹਾਂ ਨੇ ਅਸਾਮ ਦੇ 36 ਵਿੱਚੋਂ 32 ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਹੁਣ ਤੱਕ ਕੁੱਲ 82 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 11 ਜਣਿਆਂ ਦੀ ਮੌਤ ਹੋਣ ਅਤੇ ਸੱਤ ਹੋਰਨਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ। ਉਨ੍ਹਾਂ ਦੱਸਿਆ ਕਿ ਬ੍ਰਹਮਪੁੱਤਰ ਅਤੇ ਬਰਾਕ ਨਦੀਆਂ ਦੇ ਨਾਲ ਨਾਲ ਇਸ ਦੀਆਂ ਸਹਾਇਕ ਨਦੀਆਂ ਦੇ ਊਫਾਨ ’ਤੇ ਹੋਣ ਨਾਲ ਅੱਜ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਮੁੜ ਗੰਭੀਰ ਹੋ ਗਈ ਹੈ। ਹੜ੍ਹਾਂ ਕਾਰਨ ਲਗਪਗ 48 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਸਾਮ ਦੀ ਬਰਾਕ ਘਾਟੀ ਦੇ ਕਛਾਰ ਵਿੱਚ ਬਚਾਅ ਮੁਹਿੰਮ ਚਲਾਉਣ ਲਈ ਐੱਨਡੀਆਰਐੱਫ ਦੀਆਂ ਟੀਮਾਂ ਭੇਜੀਆਂ ਗਈਆਂ ਹਨ। -ਪੀਟੀਆਈ
ਦਲਾਈਲਾਮਾ ਨੇ ਅਸਾਮ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ
ਧਰਮਸ਼ਾਲਾ: ਤਿੱਬਤ ਦੇ ਅਧਿਆਤਮਿਕ ਆਗੂ ਦਲਾਈਲਾਮਾ ਨੇ ਅੱਜ ਹੜ੍ਹ ਪ੍ਰਭਾਵਿਤ ਅਸਾਮ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਸੂਬੇ ਨੂੰ ਦਾਨ ਦੇਣ ਦਾ ਸੰਕਲਪ ਲਿਆ। ਦਲਾਈਲਾਮਾ ਨੇ ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸ਼ਰਮਾ ਨੂੰ ਲਿਖੇ ਪੱਤਰ ਵਿੱਚ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਸੂਬੇ ਵਿੱਚ ਜਾਨੀ-ਮਾਲੀ ਨੁਕਸਾਨ ਹੋਣ, ਲੱਖਾਂ ਲੋਕਾਂ ਦੇ ਬੇਘਰ ਹੋਣ ਅਤੇ ਜਾਇਦਾਦ ਤਬਾਹ ਹੋਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਲਿਖਿਆ, ‘‘ਬਹੁਤ ਹੀ ਮੰਦਭਾਗਾ ਹੈ ਕਿ ਮੌਨਸੂਨੀ ਬਾਰਿਸ਼ ਅਸਾਮ ਅਤੇ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਸਾਲ ਦਰ ਸਾਲ ਤਬਾਹੀਂ ਮਚਾਉਂਦੀ ਆ ਰਹੀ ਹੈ। ਮੈਂ ਹਾਲ ਹੀ ਵਿੱਚ ਤੁਹਾਡੇ ਸੂਬੇ ਵਿੱਚ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਈਆਂ ਸਮੱਸਿਆਂ ਬਾਰੇ ਉਨ੍ਹਾਂ ਨਾਲ ਦੁੱਖ ਪ੍ਰਗਟ ਕਰਨਾ ਚਾਹਾਂਗਾ। ਮੈਂ ਤੁਹਾਡੇ ਲਈ, ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕੇ ਪਰਿਵਾਰਾਂ ਲਈ ਅਤੇ ਹੜ੍ਹ ਤੋਂ ਪ੍ਰਭਾਵਿਤ ਹਰੇਕ ਵਿਅਕਤੀ ਲਈ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ।’’