ਨਵੀਂ ਦਿੱਲੀ: ਕੇਂਦਰੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ)-ਯੂਜੀ ਦੇ ਚੌਥੇ ਗੇੜ ਦੌਰਾਨ ਅੱਜ ਤਕਨੀਕੀ ਖਾਮੀਆਂ ਕਰਕੇ ਕਈ ਵਿਦਿਆਰਥੀਆਂ ਨੇ ਉਨ੍ਹਾਂ ਦੇ ਕੇਂਦਰਾਂ ਵਿੱਚ ਪ੍ਰੀਖਿਆ ਰੱਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਕੁਝ ਕੇਂਦਰਾਂ ਵਿੱਚ ਪ੍ਰੀਖਿਆ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਈ ਜਦੋਂਕਿ ਕਈ ਕੇਂਦਰਾਂ ਵਿੱਚ ਉਮੀਦਵਾਰਾਂ ਨੂੰ ਵਾਪਸ ਭੇਜ ਦਿੱਤਾ ਗਿਆ। ਉਧਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਕਿਹਾ ਕਿ ਅਸਰਅੰਦਾਜ਼ ਹੋਣ ਵਾਲੇ ਉਮੀਦਵਾਰਾਂ ਨੂੰ ਮੁੜ ਪ੍ਰੀਖਿਆ ਦਾ ਮੌਕਾ ਦਿੱਤਾ ਜਾਵੇਗਾ। ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਦੱਸਿਆ, ‘‘ਕੁਝ ਕੇਂਦਰਾਂ ਵਿੱਚ ਸਰਵਰ ਦੀ ਸਮੱਸਿਆ ਆਈ ਸੀ। ਸਾਰੇ ਪ੍ਰਭਾਵਿਤ ਉਮੀਦਵਾਰਾਂ ਨੂੰ ਮੁੜ ਪ੍ਰੀਖਿਆ ਦਾ ਮੌਕਾ ਮਿਲੇਗਾ।’’ ਗੁਰੂ ਹਰਗੋਬਿੰਦ ਇੰਸਟੀਚਿਊਟ ਆਫ ਮੈਨੇਜਮੈਂਟ ਤੇ ਇਨਫਰਮੇਸ਼ਨ ਟੈਕਨਾਲੋਜੀ ਦਿੱਲੀ, ਏਸ਼ੀਆ ਪੈਸੇਫਿਕ ਇੰਸਟੀਚਿਊਟ ਜਸੋਲਾ (ਦਿੱਲੀ) ਏਆਈਐੱਸ ਅਸੈੱਸਮੈਂਟ ਜ਼ੋਨ, ਦਿੱਲੀ ਦੇ ਨਾਂਗਲੋਈ ’ਚ ਆਕਾਸ਼ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਤੇ ਪੀਤਮਪੁਰਾ ਵਿੱਚ ਵਿਵੇਕਾਨੰਦ ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਸਣੇ ਹੋਰਨਾਂ ਕੇਂਦਰਾਂ ਵਿਚਲੇ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਤਕਨੀਕੀ ਖਾਮੀਆਂ ਤੇ ਸਰਵਰ ਦੀ ਸਮੱਸਿਆ ਦੇ ਹਵਾਲੇ ਨਾਲ ਉਨ੍ਹਾਂ ਨੂੰ ਵਾਪਸ ਜਾਣ ਲਈ ਆਖ ਦਿੱਤਾ ਗਿਆ। ਪ੍ਰੀਖਿਆ ਦੇਣ ਆਏ ਕੁਝ ਵਿਦਿਆਰਥੀਆਂ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਦੀ ਪ੍ਰੀਖਿਆ ਮਿੱਥੇ ਸਮੇਂ ਨਾਲੋਂ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਈ। ਕੁਝ ਵਿਦਿਆਰਥੀਆਂ ਨੂੰ ਤਕਨੀਕੀ ਖਾਮੀਆਂ ਕਰਕੇ ਵਾਪਸ ਭੇਜ ਦਿੱਤਾ ਗਿਆ।’’ ਅਧਿਕਾਰੀਆਂ ਨੇ ਕਿਹਾ ਕਿ ਵਧੀਕ 11000 ਉਮੀਦਵਾਰਾਂ, ਜਿਨ੍ਹਾਂ 17 ਤੋਂ 20 ਅਗਸਤ ਦੇ ਚੌਥੇ ਗੇੜ ਦੌਰਾਨ ਪ੍ਰੀਖਿਆ ਵਿੱਚ ਬੈਠਣਾ ਸੀ, ਲਈ ਪ੍ਰੀਖਿਆ ਹੁਣ 30 ਅਗਸਤ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਚੋਣ ਵਾਲੇ ਸ਼ਹਿਰ ਵਿੱਚ ਕੇਂਦਰਾਂ ਲਈ ਪ੍ਰੀਖਿਆ ਅੱਗੇ ਪਾਈ ਗਈ ਹੈ। ਉਧਰ ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿਹਾ ਕਿ ਇਸ ਦੌਰਾਨ 13 ਕੇਂਦਰਾਂ ’ਚ ਪ੍ਰੀਖਿਆ ਰੱਦ ਹੋਈ ਹੈ। -ਪੀਟੀਆਈ