ਰਾਂਚੀ, 14 ਅਕਤੂਬਰ
ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕੋਲ ਇੰਡੀਆ ਦੀ ਇਕਾਈ ਸੈਂਟਰਲ ਕੋਲਫੀਲਡ ਲਿਮਟਿਡ ਅਤੇ ਭਾਰਤ ਕੋਕਿੰਗ ਕੋਲ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਨਾਲ ਇਥੇ ਅੱਜ ਲੰਬੀਆਂ ਮੀਟਿੰਗਾਂ ਕੀਤੀਆਂ ਅਤੇ ਬਿਜਲੀ ਪੈਦਾ ਕਰਨ ਵਾਲੇ ਥਰਮਲ ਯੂਨਿਟਾਂ ਨੂੰ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਤੇ ਕੋਲੇ ਦੀਆਂ ਖਾਨਾਂ ਵਿੱਚ ਕੋਲੇ ਦੇ ਉਤਪਾਦਨ ਨੂੰ ਦਰਪੇਸ਼ ਰੁਕਾਵਟਾਂ ਨੂੰ ਦੂਰ ਕਰਨ ਦੀ ਹਦਾਇਤ ਦਿੱਤੀ। ਸ੍ਰੀ ਜੋਸ਼ੀ ਝਾਰਖੰਡ ਦੇ ਇਕ ਰੋਜ਼ਾ ਦੌਰੇ ’ਤੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਦੇਸ਼ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਜਿਸ ਕਾਰਨ ਅਗਲੇ ਕੁਝ ਦਿਨਾਂ ਵਿੱਚ ਬਿਜਲੀ ਦੀ ਮੰਗ ਹੋਰ ਵੱਧ ਸਕਦੀ ਹੈ। ਇਸ ਲਈ ਕੋਲੇ ਦੇ ਸੰਕਟ ਨੂੰ ਜਲਦੀ ਹੱਲ ਕੀਤਾ ਜਾਵੇ। ਬਾਅਦ ਵਿੱਚ ਚਤਰਾ ਜ਼ਿਲ੍ਹੇ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੋਲੇ ਦੀਆਂ ਕੁਝ ਖਾਨਾਂ ਬੰਦ ਹੋ ਗਈਆਂ ਹਨ ਤੇ ਕੁਝ ਖਾਨਾਂ ਵਿੱਚ ਮੌਨਸੂਨ ਦਾ ਪਾਣੀ ਜਮ੍ਹਾਂ ਹੋ ਗਿਆ ਹੈ ਪਰ ਘਬਰਾਉਣ ਦੀ ਲੋੜ ਨਹੀਂ ਹੈ ਤੇ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। -ਪੀਟੀਆਈ