ਮੁੰਬਈ, 17 ਜੂਨ
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਪਾਦਰੀ ਅਤੇ ਕਾਰਕੁਨ ਸਟੈਨ ਸਵਾਮੀ ਦੀ ਬੰਬਈ ਹਾਈ ਕੋਰਟ ਵਿੱਚ ਦਾਖਲ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਐਲਗਾਰ ਪ੍ਰੀਸ਼ਦ ਮਾਮਲੇ ਦਾ ਮੁਲਜ਼ਮ ਇਕ ‘ਮਾਓਵਾਦੀ’ ਹੈ, ਜੋ ਨਕਸਲਵਾਦ ਫੈਲਾਉਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਅਤੇ ਸਰਕਾਰ ਖ਼ਿਲਾਫ਼ ਡੂੰਘੀ ਸਾਜ਼ਿਸ਼ ਦਾ ਹਿੱਸਾ ਰਿਹਾ ਹੈ। ’’ ਕੇਂਦਰੀ ਏਜੰਸੀ ਨੇ ਉੱਚ ਅਦਾਲਤ ਤੋਂ ਸਵਾਮੀ (84) ਦੀ ਅਪੀਲ ਖਾਰਜ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਉਸ ਵੱਲੋਂ ਫਰਜ਼ੀ ਸਬੂਤ ਪੇਸ਼ ਕਰਨ ਦਾ ਲਾਇਆ ਦੋਸ਼, ਸਾਜ਼ਿਸ਼ ਵਿੱਚ ਭੂਮਿਕਾ ਅਤੇ ਹੋਰਨਾਂ ਦੋਸ਼ਾਂ ਤੋਂ ਇਨਕਾਰ ਸੱਚ ਨੂੰ ਝੂਠ ਸਾਬਤ ਕਰਨ ਦੀ ਕੋਸ਼ਿਸ਼ ਹੈ। ਜਸਟਿਸ ਐਸਐਸ ਸ਼ਿੰਦੇ ਅਤੇ ਐਨਜੇ ਜਮਾਦਰ ਦੀ ਬੈਂਚ ਸਵਾਮੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰ ਰਹੀ ਹੈ। ਬੈਂਚ ਨੇ ਐਨਆਈਏ ਦਾ ਹਲਫ਼ਨਾਮਾ ਸਵੀਕਾਰ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ ਲਈ 3 ਜੁਲਾਈ ਦੀ ਤਰੀਕ ਤੈਅ ਕੀਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਐਡਵੋਕੇਟ ਦੇਸਾਈ ਨੂੰ ਅਗਲੀ ਸੁਣਵਾਈ ਦੌਰਾਨ ਹਲਫਨਾਮੇ ’ਤੇ ਜਵਾਬਦਾਅਵਾ ਦਾਖਲ ਕਰਨ ਲਈ ਵੀ ਕਿਹਾ ਹੈ। ਬੈਂਚ ਨੇ ਸਵਾਮੀ ਦੀ ਬਾਂਦਰਾ ਸਥਿਤ ਪ੍ਰਾਈਵੇਟ ਹੋਮੀ ਫੈਮਿਲੀ ਹਸਪਤਾਲ ਵਿੱਚ ਠਹਿਰ ਨੂੰ 5 ਜੁਲਾਈ ਤਕ ਵਧਾ ਦਿੱਤਾ ਹੈ ਜਿਥੇ ਉਹ ਜ਼ੇਰੇ ਇਲਾਜ ਹਨ। –ਏਜੰਸੀ