ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਸ਼ੁਵੇਂਦੂ ਅਧਿਕਾਰੀ, ਸੂਬੇ ’ਚ ਪਾਰਟੀ ਦੇ ਪ੍ਰਧਾਨ ਦਿਲੀਪ ਘੋਸ਼ ਤੇ ਰਾਹੁਲ ਸਿਨਹਾ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਨੰਦੀਗ੍ਰਾਮ ’ਚ ਵੱਲੋਂ ਪਿਛਲੇ ਮਹੀਨੇ ਇੱਕ ਰੈਲੀ ਦੌਰਾਨ ਕੀਤੀ ਗਈ ‘ਮਿਨੀ ਪਾਕਿਸਤਾਨ’ ਸਬੰਧੀ ਟਿੱਪਣੀ ਨੂੰ ਲੈ ਕੇ ਝਾੜ ਪਾਏ ਜਾਣ ਤੋਂ ਇਲਾਵਾ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਚੋਣ ਕਮਿਸ਼ਨ ਨੇ ਲੰਘੀ ਰਾਤ ਇੱਕ ਹੁਕਮ ਜਾਰੀ ਕਰਕੇ ਅਧਿਕਾਰੀ ਨੂੰ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੈ ਅਤੇ ਇਸ ਦੌਰਾਨ ਜਨਤਕ ਤੌਰ ’ਤੇ ਬਿਆਨਬਾਜ਼ੀ ਕਰਦੇ ਸਮੇਂ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕੀਤਾ ਜਾਵੇ। ਇਸੇ ਦੌਰਾਨ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਦੇ ਇੱਕ ਬਿਆਨ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ ਜਿਸ ’ਚ ਘੋਸ਼ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਸੀਤਲ ਕੂਚੀ ਜਿਹੀ ਘਟਨਾ ਕਈ ਥਾਵਾਂ ’ਤੇ ਵਾਪਰੇਗੀ। ਚੋਣ ਕਮਿਸ਼ਨ ਨੇ ਕਿਹਾ ਕਿ ਘੋਸ਼ ਦਾ ਬਿਆਨ ਭੜਕਾਊ ਹੈ ਅਤੇ ਇਸ ਨਾਲ ਕਾਨੂੰਨ ਪ੍ਰਬੰਧ ਦੇ ਹਾਲਾਤ ਵਿਗੜ ਸਕਦੇ ਹਨ। ਕਮਿਸ਼ਨ ਨੇ ਘੋਸ਼ ਨੂੰ ਨੋਟਿਸ ਦਾ ਜਵਾਬ ਦੇਣ ਅਤੇ ਬਿਆਨ ਬਾਰੇ ਆਪਣਾ ਪੱਖ ਸਪੱਸ਼ਟ ਕਰਨ ਲਈ ਭਲਕੇ ਸਵੇਰੇ 10 ਵਜੇ ਤੱਕ ਦਾ ਸਮਾਂ ਦਿੱਤਾ ਹੈ। ਇਸੇ ਤਰ੍ਹਾਂ ਚੋਣ ਕਮਿਸ਼ਨ ਨੇ ਭਾਜਪਾ ਆਗੂ ਰਾਹੁਲ ਸਿਨਹਾ ਦੀ ਕਥਿਤ ਟਿੱਪਣੀ ਲਈ ਉਸ ਦੇ ਚੋਣ ਪ੍ਰਚਾਰ ’ਤੇ ਅੱਜ 48 ਘੰਟੇ ਦੀ ਪਾਬੰਦੀ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਮਨੁੱਖੀ ਜ਼ਿੰਦਗੀ ਦਾ ਮਜ਼ਾਕ ਉਡਾਉਣ ਵਾਲੀ ਅਤੇ ਬੇਹੱਦ ਭੜਕਾਊ ਸੀ। ਸਿਨਹਾ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਸੀਤਲ ਕੂਚੀ ’ਚ ਕੇਂਦਰੀ ਸੁਰੱਖਿਆ ਬਲਾਂ ਨੂੰ ਚਾਰ ਦੀ ਥਾਂ ਅੱਠ ਜਣਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਸੀ। -ਪੀਟੀਆਈ