ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਮਾਰਚ
ਕਿਸਾਨ ਅੰਦੋਲਨ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੱਲੋਂ 100 ਸਾਲ ਪਹਿਲਾਂ ਜਲੰਧਰ ਦੇ ਮੁਠੱਡਾ ਪਿੰਡ ਵਿੱਚ ਪਿਤਾ ਕ੍ਰਿਸ਼ਨ ਸਿੰਘ ਨਾਲ 14 ਸਾਲ ਦੀ ਉਮਰ ਵਿੱਚ ਦਿੱਤੇ ਗਏ ਭਾਸ਼ਣ ਦੀ ਗੂੰਜ ਅੱਜ ਟਿਕਰੀ ਬਾਰਡਰ ’ਤੇ ਸੁਣਾਈ ਦਿੱਤੀ। 12 ਮਾਰਚ 1921 ਨੂੰ ਮੁਠੱਡਾ ਪਿੰਡ ਵਿੱਚ ਭਗਤ ਸਿੰਘ ਦੇ ਭਾਸ਼ਣ ਦੇ ਹਵਾਲੇ ਨਾਲ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਲਗਪਗ ਸੱਤ ਦਹਾਕਿਆਂ ਬਾਅਦ ਵੀ ਭਗਤ ਸਿੰਘ ਦੀ ਅਜ਼ਾਦੀ ਦੇ ਸੁਪਨੇ ਅਧੂਰੇ ਹਨ। ਕਿਉਂਕਿ ਉਸ ਵੇਲੇ ਤੋਂ ਸਾਮਰਾਜੀ ਦੇਸੀ ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਜਾਂਦੀ ਦੇਸ਼ ਦੀ ਲੁੱਟ ਅੱਜ ਵੀ ਬਾਦਸਤੂਰ ਜਾਰੀ ਹੈ। ਬਲਕਿ ਅੱਜ ਦੇ ਸਮਿਆਂ ’ਚ ਕਿਰਤੀਆਂ ਦੀ ਲੁੱਟ ਤਿੱਖਾ ਰੂਪ ਧਾਰਨ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਵਿੱਚ ਨੌਜਵਾਨਾਂ ਦਾ ਅਹਿਮ ਰੋਲ ਹੈ, ਲਿਹਾਜ਼ਾ ਉਨ੍ਹਾਂ ਨੂੰ ਅਹਿਮ ਗੱਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਜਸਵਿੰਦਰ ਕੌਰ ਬਰਾਸ ਨੇ ਕਿਹਾ ਕਿ ਮੌਸਮ ਦੀ ਖਰਾਬੀ ਕਾਰਨ ਵੀ ਮਰਦਾਂ ਦੇ ਮੁਕਾਬਲੇ ਔਰਤ ਭੈਣਾਂ ਵੱਧ ਡਟੀਆਂ ਬੈਠੀਆਂ ਹਨ। ਔਰਤਾਂ ਨੇ ਸਟੇਜ ਤੋਂ ਮੋਦੀ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ।