ਮੁੰਬਈ, 26 ਅਕਤੂਬਰ
ਬੰਬੇ ਹਾਈ ਕੋਰਟ ਵੱਲੋਂ ਕਰੂਜ਼ ਡਰੱਗਜ਼ ਕੇਸ ਦੇ ਸਬੰਧਤ ’ਚ ਇਸ ਮਹੀਨੇ ਐੱਨਸੀਬੀ ਵੱਲੋਂ ਫੜੇ ਗਏ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਤੇ ਦੋ ਹੋਰਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਭਲਕੇ 27 ਅਕਤੂਬਰ ਨੂੰ ਵੀ ਜਾਰੀ ਰਹੇਗੀ। ਆਰੀਅਨ (23) ਨੇ ਹਾਲਾਂਕਿ 2 ਅਕਤੂਬਰ ਨੂੰ ਕਰੂਜ਼ ’ਤੇ ਛਾਪੇ ਦੀ ਨਿਗਰਾਨੀ ਕਰਨ ਵਾਲੇ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ’ਤੇ ਲੱਗੇ ਕਥਿਤ ਜਬਰੀ ਵਸੂਲੀ ਦੇ ਦੋਸ਼ਾਂ ਤੋਂ ਖੁਦ ਨੂੰ ਪਾਸੇ ਲਾਂਭੇ ਲਿਆ ਹੈ। ਇਸੇ ਦੌਰਾਨ ਇੱਥੋਂ ਦੇ ਵਿਸ਼ੇਸ਼ ਐੱਨਡੀਪੀਐੱਸ ਅਦਾਲਤ ਨੇ ਇਸ ਕੇਸ ਨਾਲ ਸਬੰਧਤ ਦੋ ਹੋਰ ਮੁਲਜ਼ਮਾਂ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ।
ਜਸਟਿਸ ਐੱਨਡਬਲਿਊ ਸਾਂਬਰੇ ਦੀ ਅਦਾਲਤ ’ਚ ਆਰੀਅਨ ਵੱਲੋਂ ਪੇਸ਼ ਹੋਏ ਵਕੀਲਾਂ ਮੁਕੁਲ ਰੋਹਤਗੀ ਤੇ ਸਤੀਸ਼ ਮਾਨਸ਼ਿੰਦੇ ਨੇ ਕਿਹਾ ਕਿ ਨਸ਼ਾ ਕੰਟਰੋਲ ਬਿਊਰੋ (ਐੱਨਸੀਬੀ) ਕੋਲ ਆਰੀਅਨ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਹੈ। ਸੀਨੀਅਰ ਵਕੀਲ ਰੋਹਤਗੀ ਨੇ ਅਦਾਲਤ ਨੂੰ ਦੱਸਿਆ, ‘ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਸਮੇਤ ਏਜੰਸੀ ਦੇ ਕਿਸੇ ਵੀ ਅਧਿਕਾਰੀ ਖ਼ਿਲਾਫ਼ ਆਰੀਅਨ ਦੀ ਕੋਈ ਸ਼ਿਕਾਇਤ ਨਹੀਂ ਹੈ। ਆਰੀਅਨ ਦਾ ਇਸ ਵਿਵਾਦ ਨਾਲ ਕੋਈ ਸਬੰਧ ਨਹੀਂ ਹੈ। ਉਹ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕਰ ਚੁੱਕਾ ਹੈ।’ ਉਨ੍ਹਾਂ ਕਿਹਾ, ‘ਐੱਨਸੀਬੀ ਤੇ ਵਾਨਖੇੜੇ ਨੇ ਬੀਤੇ ਦਿਨ ਕਿਹਾ ਕਿ ਇੱਕ ਸਿਆਸੀ ਆਗੂ, ਜਿਸ ਦਾ ਜਵਾਈ ਇਸ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਵੱਲੋਂ ਝੂਠੇ ਦੋਸ਼ ਲਾਏ ਜਾ ਰਹੇ ਸਨ। ਪਰ ਅੱਜ ਐੱਨਸੀਬੀ ਇਹ ਦੋਸ਼ ਆਰੀਅਨ ਖਾਨ ’ਤੇ ਮੜ੍ਹ ਰਹੀ ਹੈ ਤੇ ਕਹਿ ਰਹੀ ਹੈ ਕਿ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।’ ਰੋਹਤਗੀ ਨੇ ਕਿਹਾ ਕਿ ਆਰੀਅਨ ਤੇ ਹੋਰਾਂ ਨੂੰ ਜਿਸ ਐੱਨਡੀਪੀਐੱਸ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਘੱਟ ਮਾਤਰਾ ’ਚ ਨਸ਼ਾ ਮਿਲਣ ਨਾਲ ਸਬੰਧਤ ਹੈ।’ ਉਨ੍ਹਾਂ ਕਿਹਾ ਕਿ ਆਰੀਅਨ ਨੂੰ ਕਿਸੇ ਹੋਰ ਦੇ ਕਬਜ਼ੇ ’ਚੋਂ ਬਰਾਮਦ ਹੋਏ ਨਸ਼ੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ 23 ਸਾਲਾ ਨੌਜਵਾਨ ਨੂੰ ਗਲਤ ਢੰਗ ਨਾਲ ਗ੍ਰਿਫ਼ਤਾਰ ਕਰਕੇ ਪਿਛਲੇ 20 ਦਿਨ ਤੋਂ ਜੇਲ੍ਹ ’ਚ ਬੰਦ ਕੀਤਾ ਹੋਇਆ ਹੈ। ਰੋਹਤਗੀ ਨੇ ਕਿਹਾ, ‘ਨਾ ਤਾਂ ਨਸ਼ਿਆਂ ਦੀ ਵਰਤੋਂ ਦਾ ਕੋਈ ਸਬੂਤ ਹੈ ਤੇ ਨਾ ਹੀ ਨਸ਼ਿਆਂ ਦੀ ਬਰਾਮਦਗੀ ਦਾ ਕੋਈ ਸਬੂਤ ਅਤੇ ਨਾ ਅਜਿਹਾ ਕੋਈ ਸਬੂਤ ਹੈ ਜੋ ਇਹ ਸਿੱਧ ਕਰਦਾ ਹੋਵੇ ਕਿ ਇਸ ਕਥਿਤ ਸਾਜ਼ਿਸ਼ ’ਚ ਉਸ ਦੀ ਸ਼ਮੂਲੀਅਤ ਹੋਵੇ ਜਿਵੇਂ ਕਿ ਐੱਨਸੀਬੀ ਨੇ ਦੋਸ਼ ਲਾਇਆ ਹੈ।’ ਰੋਹਤਗੀ ਵੱਲੋਂ ਬਹਿਸ ਮੁਕੰਮਲ ਕੀਤੇ ਜਾਣ ਮਗਰੋਂ ਹਾਈ ਕੋਰਟ ਨੇ ਕਿਹਾ ਕਿ ਭਲਕੇ ਕੇਸ ਦੇ ਸਹਿ-ਮੁਲਜ਼ਮ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕੀਤੀ ਜਾਵੇਗੀ। ਉੱਧਰ ਵਿਸ਼ੇਸ਼ ਐੱਨਡੀਪੀਐੱਸ ਅਦਾਲਤ ਨੇ ਅੱਜ ਇਸ ਕੇਸ ਦੇ ਦੋ ਮੁਲਜ਼ਮਾਂ ਮਨੀਸ਼ ਰਾਜਗੜ੍ਹੀਆ ਤੇ ਅਵਿਨ ਸਾਹੂ ਨੂੰ ਜ਼ਮਾਨਤ ਦੇ ਦਿੱਤੀ ਹੈ। -ਪੀਟੀਆਈ
ਨਸ਼ਾ ਤਸਕਰੀਵਿੱਚ ਵੀ ਸ਼ਾਮਲ ਸੀ ਆਰੀਅਨ: ਐੱਨਸੀਬੀ
ਮੁੰਬਈ: ਐੱਨਸੀਬੀ ਨੇ ਡਰੱਗਜ਼ ਪਾਰਟੀ ਮਾਮਲੇ ’ਚ ਅੱਜ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਬੰਬੇ ਹਾਈ ਕੋਰਟ ਨੂੰ ਕਿਹਾ ਕਿ ਉਹ ਨਾ ਸਿਰਫ਼ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦਾ ਸੀ ਬਲਕਿ ਉਹ ਨਸ਼ਿਆਂ ਦੀ ਗ਼ੈਰਕਾਨੂੰਨੀ ਤਸਕਰੀ ’ਚ ਵੀ ਸ਼ਾਮਲ ਸੀ। ਏਜੰਸੀ ਨੇ ਇਹ ਵੀ ਦਾਅਵਾ ਕੀਤਾ ਕਿ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਆਰੀਅਨ ਖਾਨ ਤੇ ਸਾਹਰੁਖ ਖਾਨ ਦੀ ਪ੍ਰਬੰਧਕ ਪੂਜਾ ਡਡਲਾਨੀ ਸਬੂਤਾਂ ਨਾਲ ਛੇੜਛਾੜ ਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਐੱਨਸੀਬੀ ਨੇ ਆਰੀਅਨ ਖਾਨ ਦੀ ਹਾਈ ਕੋਰਟ ’ਚ ਦਾਇਰ ਜ਼ਮਾਨਤ ਅਰਜ਼ੀ ਦੇ ਜਵਾਬ ’ਚ ਅੱਜ ਹਲਫ਼ਨਾਮਾ ਦਾਇਰ ਕੀਤਾ ਹੈ। ਏਜੰਸੀ ਨੇ ਹਲਫ਼ਨਾਮੇ ’ਚ ਕਿਹਾ ਕਿ ਕੇਸ ਨੂੰ ਲੀਹੋਂ ਲਾਹੁਣ ਲਈ ਇਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪ੍ਰਭਾਕਰ ਸੈਲ ਦੇ ਹਲਫ਼ਨਾਮੇ ਤੋਂ ਇਹ ਸਪੱਸ਼ਟ ਹੈ। ਏਜੰਸੀ ਨੇ ਕਿਹਾ ਕਿ ਹੁਣ ਤੱਕ ਕੀਤੀ ਗਈ ਜਾਂਚ ’ਚ ਆਰੀਅਨ ਖਾਨ ਦੇ ਨਸ਼ੀਲੇ ਪਦਾਰਥਾਂ ਦੀ ਗ਼ੈਰਕਾਨੂੰਨੀ ਖਰੀਦ, ਤਸਕਰੀ ’ਚ ਸ਼ਾਮਲ ਹੋਣ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੀ ਗੱਲ ਸਾਹਮਣੇ ਆਈ ਹੈ। ਹਲਫਨਾਮੇ ’ਚ ਕਿਹਾ ਗਿਆ ਹੈ ਕਿ ਆਰੀਅਨ ਖਾਨ ਤੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ ਪਰ ਉਹ ਇਸ ਸਾਜ਼ਿਸ਼ ਦਾ ਹਿੱਸਾ ਸੀ। -ਪੀਟੀਆਈ
ਐਨਸੀਬੀ ਦੇ ਦਿੱਲੀ ਹੈੱਡਕੁਆਰਟਰ ਗਏ ਡਾਇਰੈਕਟਰ ਵਾਨਖੇੜੇ
ਕਰੂਜ਼ ਡਰੱਗਜ਼ ਮਾਮਲੇ ਦੀ ਜਾਂਚ ਕਰ ਰਹੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅੱਜ ਏਜੰਸੀ ਦੇ ਦਿੱਲੀ ਸਥਿਤ ਹੈੱਡਕੁਆਰਟਰ ਗਏ। ਅਧਿਕਾਰੀ ਆਰ.ਕੇ. ਪੁਰਮ ਸਥਿਤ ਏਜੰਸੀ ਦੇ ਦਫ਼ਤਰ ਵਿਚ ਪਿਛਲੇ ਦਰਵਾਜ਼ੇ ਤੋਂ ਦਾਖਲ ਹੋਇਆ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਮਿਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਨਸ਼ਾ ਵਿਰੋਧੀ ਕੇਂਦਰੀ ਏਜੰਸੀ ਦੇ ਚੋਟੀ ਦੇ ਅਧਿਕਾਰੀਆਂ ਨੇ ਵੱਖ-ਵੱਖ ਜ਼ੋਨਲ ਦਫ਼ਤਰਾਂ ਨਾਲ ਅੱਜ ਸਮੀਖਿਆ ਮੀਟਿੰਗ ਕੀਤੀ ਹੈ। ਵਾਨਖੇੜੇ ’ਤੇ ਲੱਗੇ ਪੈਸੇ ਮੰਗਣ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਡਿਪਟੀ ਡੀਜੀ ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਜਦ ਲੋੜ ਹੋਵੇਗੀ ਤਾਂ ਉਹ ਉਸ ਨੂੰ ਸੱਦਣਗੇ, ਹਾਲੇ ਕਿਸੇ ਨੂੰ ਤਲਬ ਨਹੀਂ ਕੀਤਾ ਗਿਆ। -ਪੀਟੀਆਈ
ਸਮੀਰ ਵਾਨਖੇੜੇ ਨੇ ਗ਼ੈਰਕਾਨੂੰਨੀ ਢੰਗ ਨਾਲ ਫੋਨ ਟੈਪ ਕਰਵਾਏ: ਮਲਿਕ
ਮੁੰਬਈ: ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਅੱਜ ਐੱਨਸੀਬੀ ਦੇ ਅਧਿਕਾਰੀ ਸਮੀਰ ਵਾਨਖੇੜੇ ’ਤੇ ਗ਼ੈਰਕਾਨੂੰਨੀ ਢੰਗ ਨਾਲ ਫੋਨ ਟੈਪ ਕਰਨ ਦਾ ਦੋਸ਼ ਲਾਇਆ ਹੈ ਤੇ ਕਿਹਾ ਕਿ ਉਹ ਅਧਿਕਾਰੀਆਂ ਦੇ ਗਲਤ ਕੰਮਾਂ ਬਾਰੇ ਇੱਕ ਪੱਤਰ ਏਜੰਸੀ ਦੇ ਮੁਖੀ ਨੂੰ ਸੌਂਪਣਗੇ। ਮਲਿਕ ਨੇ ਕਿਹਾ, ‘ਸਮੀਰ ਵਾਨਖੇੜੇ ਮੁੰਬਈ ਤੇ ਥਾਨੇ ਦੇ ਦੋ ਲੋਕਾਂ ਰਹੀਂ ਕੁਝ ਲੋਕਾਂ ਦੇ ਮੋਬਾਈਲ ਫੋਨ ’ਤੇ ਗ਼ੈਰਕਾਨੂੰਨੀ ਢੰਗ ਨਾਲ ਨਜ਼ਰ ਰੱਖ ਰਹੇ ਹਨ।’ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਵਾਨਖੇੜੇ ਨੇ ਪੁਲੀਸ ਤੋਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦੀ ਕਾਲ ਡਿਟੇਲ ਰਿਕਾਰਡ ਮੰਗਿਆ ਸੀ। ਇਸੇ ਦੌਰਾਨ ਭਾਰਤੀ ਜਨਤਾ ਯੁਵਾ ਮੋਰਚਾ, ਮੁੰਬਈ ਦੇ ਸਾਬਕਾ ਪ੍ਰਧਾਨ ਮੋਹਿਤ ਭਰਤੀਆ ਨੇ ਐੱਨਸੀਪੀ ਆਗੂ ਨਵਾਬ ਮਲਿਕ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। -ਪੀਟੀਆਈ
ਵਾਨਖੇੜੇ ਦੀ ਪਤਨੀ ਨੇ ਲਾਇਆ ਧਮਕੀਆਂ ਮਿਲਣ ਦਾ ਦੋਸ਼
ਮੁੰਬਈ: ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਪਤਨੀ ਕ੍ਰਾਂਤੀ ਰੇਡਕਰ ਨੇ ਅੱਜ ਆਪਣੇ ਪਤੀ ਦੀ ਹਮਾਇਤ ਕੀਤੀ ਅਤੇ ਵਾਨਖੇੜੇ ਖ਼ਿਲਾਫ਼ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਵੱਲੋਂ ਲਾਏ ਗਏ ਦੋਸ਼ਾਂ ਨੂੰ ਖਾਰਜ ਕੀਤਾ ਹੈ। ਰੇਡਕਰ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਭਰੇ ਫੋਨ ਆ ਰਹੇ ਹਨ ਤੇ ਉਨ੍ਹਾਂ ਨੂੰ ਆਨਲਾਈਨ ਟਰੌਲ ਕੀਤਾ ਜਾ ਰਿਹਾ ਤੇ ਉਹ ਸਹਿਮ ’ਚ ਜਿਊਂ ਰਹੇ ਹਨ। ਵਾਨਖੇੜੇ ਦੀ ਪਤਨੀ ਤੇ ਅਦਾਕਾਰਾ ਕ੍ਰਾਂਤੀ ਰੇਡਕਰ ਨੇ ਉਪ ਨਗਰੀ ਅੰਧੇਰੀ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਪਤੀ ਨੂੰ ਇੱਕ ਇਮਾਨਦਾਰ ਸਰਕਾਰੀ ਅਧਿਕਾਰੀ ਦੱਸਿਆ ਤੇ ਮੁੰਬਈ ਕਰੂਜ਼ ਨਸ਼ੀਲੇ ਪਦਾਰਥ ਮਾਮਲੇ ’ਚ ਐੱਨਸੀਬੀ ਦੇ ਗਵਾਹ ਵੱਲੋਂ ਜਬਰੀ ਵਸੂਲੀ ਦੀਆਂ ਕੋਸ਼ਿਸ਼ਾਂ ਸਬੰਧੀ ਕੀਤੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਉਸ ਨੇ ਦਾਅਵਾ ਕੀਤਾ ਕਿ ਇੱਕ ਵਰਗ ਉਸ ਦੇ ਪਤੀ ਖ਼ਿਲਾਫ਼ ਕੰਮ ਕਰ ਰਿਹਾ ਹੈ। -ਪੀਟੀਆਈ
ਪੁਲੀਸ ਨੂੰ ਵਾਨਖੇੜੇ ਤੇ ਐੱਨਸੀਬੀ ਅਧਿਕਾਰੀਆਂ ਖ਼ਿਲਾਫ਼ ਮਿਲੀਆਂ ਚਾਰ ਸ਼ਿਕਾਇਤਾਂ
ਮੁੰਬਈ: ਮੁੰਬਈ ਪੁਲੀਸ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਖ਼ਿਲਾਫ਼ ਜਬਰੀ ਵਸੂਲੀ ਦੀਆਂ ਚਾਰ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ’ਚੋਂ ਇੱਕ ਸ਼ਿਕਾਇਤ ਐੱਨਸੀਬੀ ਦੇ ਆਜ਼ਾਦ ਗਵਾਹ ਪ੍ਰਭਾਕਰ ਸੈਲ ਵੱਲੋਂ ਦਿੱਤੀ ਗਈ ਹੈ ਜਿਸ ’ਚ ਉਸ ਨੇ ਦੋਸ਼ ਲਾਇਆ ਹੈ ਕਿ ਉਸ ਨੇ ਕਰੂਜ਼ ’ਤੇ ਕੇਪੀ ਗੋਸਾਵੀ ਨੂੰ ਫੋਨ ’ਤੇ ਸੈਮ ਡਿਸੂਜ਼ਾ ਨਾਂ ਦੇ ਵਿਅਕਤੀਆਂ ਨਾਲ ਗੱਲ ਕਰਦੇ ਸੁਣਿਆ ਸੀ ਤੇ ਉਹ ਸੈਮ ਤੋਂ ਸਮੀਰ ਵਾਨਖੇੜੇ ਲਈ 8 ਕਰੋੜ ਰੁਪਏ ਸਮੇਤ ਕੁੱਲ 25 ਕਰੋੜ ਰੁਪਏ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿਹਾ ਕਿ ਇਹ ਸ਼ਿਕਾਇਤਾਂ ਮਾਤਾ ਰਾਮਬਾਈ ਅੰਬੇਡਕਰ ਮਾਰਗ ਥਾਣੇ ਤੇ ਇੱਕ ਏਸੀਪੀ ਰੈਂਕ ਦੇ ਅਫਸਰ ਨੂੰ ਮਾਰਕ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਪੁਲੀਸ ਨੇ ਬਾਕੀ ਅਰਜ਼ੀਆਂ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ