ਮੁੰਬਈ, 10 ਅਕਤੂਬਰ
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਦਾਕਾਰ ਸ਼ਾਹਰੁਖ ਖਾਨ ਦੇ ਡਰਾਈਵਰ ਦੇ ਡਰੱਗ ਕੇਸ ’ਚ ਬਿਆਨ ਦਰਜ ਕੀਤੇ ਹਨ। ਕਰੂਜ਼ ਵਿਚੋਂ ਬਰਾਮਦ ਨਸ਼ੀਲੇ ਪਦਾਰਥਾਂ ਦੇ ਕੇਸ ਵਿਚ ਐਨਸੀਬੀ ਨੇ ਸ਼ਨਿਚਰਵਾਰ ਦੇਰ ਰਾਤ ਮੁੰਬਈ ਤੇ ਗੋਰੇਗਾਓਂ ਵਿਚ ਛਾਪੇ ਮਾਰੇ ਹਨ। ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੀ ਸ਼ਨਾਖ਼ਤ ਸ਼ਿਵਰਾਜ ਰਾਮਦਾਸ ਵਜੋਂ ਹੋਈ ਹੈ। ਉਸ ਨੂੰ ਸਾਂਤਾਕਰੂਜ਼ ਇਲਾਕੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ।
ਅੱਜ ਇਕ ਨਾਇਜੀਰੀਆ ਦੇ ਨਾਗਰਿਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਕੋਕੀਨ ਮਿਲੀ ਹੈ। ਹੁਣ ਤੱਕ ਇਸ ਮਾਮਲੇ ਵਿਚ 20 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਐਤਵਾਰ ਐਨਸੀਬੀ ਨੇ ਗੋਆ ਜਾਣ ਵਾਲੇ ਕਰੂਜ਼ ਵਿਚੋਂ ਸ਼ਾਹਰੁਖ਼ ਦੇ ਪੁੱਤਰ ਆਰਿਅਨ ਖ਼ਾਨ ਤੇ ਹੋਰਾਂ ਨੂੰ ਡਰੱਗ ਬਰਾਮਦ ਹੋਣ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ।
ਵੀਰਵਾਰ ਅਦਾਲਤ ਨੇ ਆਰਿਅਨ ਤੇ ਹੋਰਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਕੇਂਦਰੀ ਏਜੰਸੀ ਨੇ ਫ਼ਿਲਮ ਨਿਰਮਾਤਾ ਇਮਤਿਆਜ਼ ਖਤਰੀ ਨੂੰ ਵੀ ਇਸ ਮਾਮਲੇ ਵਿਚ ਭਲਕੇ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਐਨਸੀਪੀ ਆਗੂ ਨਵਾਬ ਮਲਿਕ ਨੇ ਸ਼ਨਿਚਰਵਾਰ ਦੋਸ਼ ਲਾਇਆ ਸੀ ਕਿ ਕਰੂਜ਼ ਵਿਚੋਂ ਫੜੇ ਗਏ ਤਿੰਨ ਜਣਿਆਂ ਨੂੰ ਐਨਸੀਬੀ ਨੇ ਛੱਡ ਦਿੱਤਾ ਸੀ। ਇਨ੍ਹਾਂ ਵਿਚੋਂ ਇਕ ਭਾਜਪਾ ਆਗੂ ਦਾ ਰਿਸ਼ਤੇਦਾਰ ਸੀ। ਏਜੰਸੀ ਤੇ ਭਾਜਪਾ ਆਗੂ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ। -ਪੀਟੀਆਈ