ਨਵੀਂ ਦਿੱਲੀ, 15 ਜੁਲਾਈ
ਦਰੋਪਦੀ ਮੁਰਮੂ ਮੁਲਕ ਦੇ15ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ ਵੋਟਾਂ ਦੀ ਗਿਣਤੀ ਦੇ ਤੀਜੇ ਗੇੜ ਵਿੱਚ ਬਹੁਮਤ ਦਾ ਅੰਕੜਾ ਪਾਰ ਕਰ ਲਿਆ। ਐਨਡੀਏ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ ਜਦੋਂ ਕਿ ਵਿਰੋਧੀ ਪਾਰਟੀਆਂ ਨੇ ਯਸ਼ਵੰਤ ਸਿਨਹਾ ਨੂੰ ਮੈਦਾਨ ਵਿੱਚ ਉਤਾਰਿਆ ਸੀ। ਉਨ੍ਹਾਂ ਦੀ ਜਿੱਤ ਦਾ ਰਸਮੀ ਐਲਾਨ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਬਾਅਦ ਹੋਣ ਦੀ ਸੰਭਾਵਨਾ ਹੈ ਪਰ ਉਨ੍ਹਾਂ 5,77,777 ਵੋਟਾਂ ਹਾਸਲ ਕਰ ਲਈਆਂ ਹਨ ਜੋ ਕੁਲ ਵੋਟਾਂ ਦੇ ਅੱਧ ਤੋਂ ਵਧ ਹੈ। ਰਿਟਰਨਿੰਗ ਅਫਸਰ ਪੀਸੀ ਮੋਦੀ ਨੇ ਐਲਾਨ ਕੀਤਾ ਕਿ ਮੁਰਮੂ ਹੁਣ ਤਕ ਕੁਲ 53 ਫੀਸਦੀ ਵੋਟਾਂ ਹਾਸਲ ਕਰ ਚੁੱਕੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਰਾਜਨਾਥ ਸਿੰਘ ਨੇ ਦਰੋਪਦੀ ਮੁਰਮੂ ਨੂੰ ਵਧਾਈ ਦਿੱਤੀ ਹੈ।