ਮੁੰਬਈ, 20 ਮਾਰਚ
ਘਰੇਲੂ ਏਅਰਲਾਈਨ ਨੇ ਸੰਕਟ ਦੌਰਾਨ ਆਮ ਲੋਕਾਂ ਦੀ ਬਾਂਹ ਫੜਨ ਵਾਲੇ ਅਦਾਕਾਰ ਸੋਨੂ ਸੂਦ ਨੂੰ ਵਿਸ਼ੇਸ਼ ਸਨਮਾਨ ਦਿੱਤਾ ਹੈ। ਸਪਾਈਸਜੈੱਟ ਬੋਇੰਗ 737 ਨੇ ਹਾਲ ਹੀ ਵਿੱਚ ਆਪਣੇ ਏਅਰਕਰਾਫ਼ਟ ’ਤੇ ਅਦਾਕਾਰ ਸੋਨੂ ਸੂਦ ਦੀ ਤਸਵੀਰ ਛਾਪੀ ਹੈ, ਜਿਸ ਵਿੱਚ ਉਨ੍ਹਾਂ ਨਾਲ ਆਮ ਲੋਕ ਵੀ ਖੜ੍ਹੇ ਨਜ਼ਰ ਆ ਰਹੇ ਹਨ। ਏਅਰਕਰਾਫਟ ’ਤੇ ਲਿਖਿਆ ਹੈ, ‘‘ਮੁਕਤੀਦਾਤੇ ਸੋਨੂ ਸੂਦ ਨੂੰ ਸਲਾਮ।’’ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ਤੋਂ ਸੋਨੂ ਨੂੰ ਇਹ ਜਾਣਕਾਰੀ ਮਿਲੀ। ਅਦਾਕਾਰ ਨੇ ਇਸ ਖ਼ਬਰ ਏਜੰਸੀ ਨਾਲ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ, ‘‘ਇਸ ਤਰ੍ਹਾਂ ਦੀਆਂ ਤਸਵੀਰਾਂ ਵੇਖ ਕੇ ਮੈਂ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਲੋਕ ਮੈਨੂੰ ਲੇਹ, ਹੈਦਰਾਬਾਦ, ਪੰਜਾਬ ਅਤੇ ਦਿੱਲੀ ਵੱਖ-ਵੱਖ ਥਾਵਾਂ ਤੋਂ ਅਜਿਹੀਆਂ ਤਸਵੀਰਾਂ ਭੇਜ ਰਹੇ ਹਨ। ਕਾਸ਼! ਅੱਜ ਮੇਰੇ ਮਾਂ-ਬਾਪ ਇਹ ਸਭ ਵੇਖਦੇ।’’ ਸੋਨੂੰ ਸੂਦ ਨੇ ਸੰਨ 2002 ਵਿੱਚ ‘ਸ਼ਹੀਦ-ਏ-ਆਜ਼ਮ’ ਫ਼ਿਲਮ ਰਾਹੀਂ ਬੌਲੀਵੁੱਡ ਵਿੱਚ ਪੈਰ ਧਰਿਆ ਸੀ। ਸੋਨੂੰ ਨੇ ਕਿਹਾ, ‘‘ਮੈਨੂੰ ਯਾਦ ਹੈ ਜਦੋਂ ਮੈਂ ਪੰਜਾਬ ਤੋਂ ਅਨਰਿਜ਼ਰਵ ਟਿਕਟ ਰਾਹੀਂ ਬਹੁਤ ਸਾਰੇ ਸੁਫ਼ਨੇ ਸੰਜੋ ਕੇ ਮੁੰਬਈ ਪਹੁੰਚਿਆ ਸੀ। ਮੈਂ ਹਮੇਸ਼ਾ ਇਨ੍ਹਾਂ ਨੂੰ ਵੱਡੇ ਬਣਾਉਣਾ ਬਾਰੇ ਸੋਚਦਾ ਸੀ।’’ -ਆਈਏਐੱਨਐੱਸ